
ਵਾਡਰਾ ਨੇ ਲੰਡਨ ’ਚ ‘ਘਰ ਦੀ ਮੁੜ ਉਸਾਰੀ ਕਰਵਾਈ’, ਜਾਇਦਾਦ ‘ਅਪਰਾਧ ਦੀ ਕਮਾਈ’ ਦਾ ਹਿੱਸਾ: ਈ.ਡੀ.
- ਮਾਮਲੇ ਦੀ ਸੁਣਵਾਈ ਅਗਲੇ ਸਾਲ 29 ਜਨਵਰੀ ਨੂੰ
Robert Vadra ED news : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨੇ ਲੰਡਨ ’ਚ ਇਕ ਘਰ ਦੀ ‘ਮੁੜਉਸਾਰੀ ਕਰਵਾਈ ਅਤੇ ਉਸ ’ਚ ਠਹਿਰੇ’ ਜੋ ਕਥਿਤ ਵਿਚੋਲੇ ਸੰਜੇ ਭੰਡਾਰੀ ਵਿਰੁਧ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ’ਚ ‘ਅਪਰਾਧ ਤੋਂ ਪ੍ਰਾਪਤ ਆਮਦਨ’ ਦਾ ਹਿੱਸਾ ਸੀ।
ਭੰਡਾਰੀ 2016 ਵਿਚ ਬਰਤਾਨੀਆਂ ਭੱਜ ਗਿਆ ਸੀ ਅਤੇ ਬਰਤਾਨੀਆਂ ਸਰਕਾਰ ਨੇ ਈ.ਡੀ. ਅਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀਆਂ ਕਾਨੂੰਨੀ ਬੇਨਤੀਆਂ ’ਤੇ ਕਾਰਵਾਈ ਕਰਨ ਤੋਂ ਬਾਅਦ ਇਸ ਸਾਲ ਜਨਵਰੀ ਵਿਚ ਉਸ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ ਦੇ ਦਿਤੀ ਸੀ।
ਦੋਵੇਂ ਸੰਘੀ ਏਜੰਸੀਆਂ ਕਥਿਤ ਤੌਰ ’ਤੇ ਵਿਦੇਸ਼ਾਂ ’ਚ ਅਣਐਲਾਨੀ ਜਾਇਦਾਦ ਰੱਖਣ ਦੇ ਦੋਸ਼ ’ਚ ਕਾਰੋਬਾਰੀ ਵਿਰੁਧ ਮਨੀ ਲਾਂਡਰਿੰਗ ਅਤੇ ਟੈਕਸ ਚੋਰੀ ਦੇ ਦੋਸ਼ਾਂ ਦੀ ਜਾਂਚ ਕਰ ਰਹੀਆਂ ਹਨ। ਇਹ ਪਹਿਲੀ ਵਾਰ ਹੈ ਜਦੋਂ ਈ.ਡੀ. ਨੇ ਇਸ ਮਾਮਲੇ ’ਚ ਵਾਡਰਾ ਨੂੰ ਨਾਮ ਲਿਆ ਹੈ।
ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਇਸ ਮਾਮਲੇ ਵਿਚ ਯੂ.ਏ.ਈ. ਦੇ ਐਨ.ਆਰ.ਆਈ. ਕਾਰੋਬਾਰੀ ਸੀ ਸੀ ਯਾ ਚੇਰੂਵਥੁਰ ਚਕੁਟੀ ਥੰਪੀ ਅਤੇ ਬਰਤਾਨੀਆਂ ਦੇ ਸੁਮਿਤ ਚੱਢਾ ਵਿਰੁਧ ਨਵੀਂ ਚਾਰਜਸ਼ੀਟ ਦਾਇਰ ਕੀਤੀ ਹੈ।
ਥੰਪੀ ਨੂੰ ਜਨਵਰੀ 2020 ’ਚ ਇਸ ਮਾਮਲੇ ’ਚ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਈ.ਡੀ. ਨੇ ਦੋਸ਼ ਲਾਇਆ ਸੀ ਕਿ ਉਹ ਵਾਡਰਾ ਦਾ ‘ਨਜ਼ਦੀਕੀ ਸਹਿਯੋਗੀ’ ਸੀ। ਥੰਪੀ ਇਸ ਸਮੇਂ ਜ਼ਮਾਨਤ ’ਤੇ ਬਾਹਰ ਹੈ।
ਸੰਜੇ ਭੰਡਾਰੀ ਕੋਲ ਕਈ ਵਿਦੇਸ਼ੀ ਜਾਇਦਾਦਾਂ ਅਤੇ ਜਾਇਦਾਦਾਂ ਹਨ, ਜਿਨ੍ਹਾਂ ’ਚ ਲੰਡਨ ਦੇ ਬ੍ਰਾਇਨਸਟਨ ਸਕਵਾਇਰ ਦੇ 12ਵੇਂ ਨੰਬਰ ਦੇ ਘਰ ਅਤੇ ਲੰਡਨ ਦੀ ਗ੍ਰੋਸਵੇਨਰ ਹਿੱਲ ਕੋਰਟ ਦੇ 6ਵੇਂ ਨੰਬਰ ’ਤੇ ਸਥਿਤ ਘਰ ਸ਼ਾਮਲ ਹੈ।
ਈ.ਡੀ. ਨੇ ਕਿਹਾ ਕਿ ਇਹ ਜਾਇਦਾਦ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐਮ.ਐਲ.ਏ.) ਦੇ ਪ੍ਰਬੰਧਾਂ ਅਨੁਸਾਰ ਅਪਰਾਧ ਦੀ ਆਮਦਨ ਦਾ ਹਿੱਸਾ ਹੈ ਅਤੇ ਸੀ.ਸੀ. ਥੰਪੀ ਅਤੇ ਸੁਮਿਤ ਚੱਢਾ ਅਪਰਾਧ ਦੀ ਇਸ ਆਮਦਨ ਨੂੰ ਲੁਕਾਉਣ ਅਤੇ ਵਰਤਣ ’ਚ ਸ਼ਾਮਲ ਪਾਏ ਗਏ ਹਨ।
ਈ.ਡੀ. ਮੁਤਾਬਕ ਜਾਂਚ ’ਚ ਪਾਇਆ ਗਿਆ ਕਿ ਥੰਪੀ ਰਾਬਰਟ ਵਾਡਰਾ ਦਾ ਕਰੀਬੀ ਸਹਿਯੋਗੀ ਹੈ। ਉਨ੍ਹਾਂ ਕਿਹਾ ਕਿ ਰਾਬਰਟ ਵਾਡਰਾ ਅਤੇ ਸੀ.ਸੀ. ਥੰਪੀ ਨੇ ਫਰੀਦਾਬਾਦ ’ਚ ਜ਼ਮੀਨ ਦਾ ਵੱਡਾ ਪਲਾਟ ਖਰੀਦਿਆ ਅਤੇ ਇਕ-ਦੂਜੇ ਨਾਲ ਵਿੱਤੀ ਲੈਣ-ਦੇਣ ਕੀਤਾ।
ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਵਾਡਰਾ ਤੋਂ ਪਹਿਲਾਂ ਵੀ ਈ.ਡੀ. ਪੁੱਛ-ਪੜਤਾਲ ਕਰ ਚੁਕੀ ਹੈ ਅਤੇ ਉਨ੍ਹਾਂ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ।
ਈ.ਡੀ. ਨੇ ਕਿਹਾ ਕਿ ਦਿੱਲੀ ਦੀ ਇਕ ਅਦਾਲਤ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੀਆਂ ਅਪਰਾਧਕ ਧਾਰਾਵਾਂ ਤਹਿਤ ਨਵੰਬਰ ’ਚ ਦਾਇਰ ਕੀਤੀ ਗਈ ਪੂਰਕ ਸ਼ਿਕਾਇਤ ’ਤੇ 22 ਦਸੰਬਰ ਨੂੰ ਨੋਟਿਸ ਲਿਆ ਸੀ।
ਅਧਿਕਾਰਤ ਸੂਤਰਾਂ ਨੇ ਦਸਿਆ ਕਿ ਅਦਾਲਤ ਨੇ ਚਾਰਜਸ਼ੀਟ ਦਾ ਨੋਟਿਸ ਲੈਣ ਤੋਂ ਬਾਅਦ ਥੰਪੀ ਅਤੇ ਚੱਢਾ ਨੂੰ ਸੰਮਨ ਜਾਰੀ ਕੀਤੇ ਹਨ। ਅਦਾਲਤ ਨੇ ਚੱਢਾ ਵਿਰੁਧ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਹੈ, ਜੋ ਈ.ਡੀ. ਦੇ ਸੰਮਨ ਜਾਰੀ ਕਰਨ ਦੇ ਬਾਵਜੂਦ ਹੁਣ ਤਕ ਜਾਂਚ ਵਿਚ ਸ਼ਾਮਲ ਨਹੀਂ ਹੋਏ ਹਨ।
ਭੰਡਾਰੀ ਦੀ ਭਤੀਜੀ ਪੂਜਾ ਚੱਢਾ ਦਾ ਵਿਆਹ ਬਰਤਾਨੀਆਂ ਦੇ ਨਾਗਰਿਕ ਸੁਮਿਤ ਚੱਢਾ ਨਾਲ ਹੋਇਆ ਹੈ। ਭੰਡਾਰੀ ਅਤੇ ਹੋਰਾਂ ਵਿਰੁਧ ਇਨਕਮ ਟੈਕਸ ਵਿਭਾਗ ਵਲੋਂ ਦਾਇਰ ਚਾਰਜਸ਼ੀਟ ਦਾ ਨੋਟਿਸ ਲੈਣ ਤੋਂ ਬਾਅਦ ਈ.ਡੀ. ਨੇ ਫਰਵਰੀ 2017 ’ਚ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ।
ਈ.ਡੀ. ਨੇ ਅਪਣੀ ਸਪਲੀਮੈਂਟਰੀ ਚਾਰਜਸ਼ੀਟ ’ਚ ਅਦਾਲਤ ਨੂੰ ਦਸਿਆ ਕਿ ਚੱਢਾ ਨੇ ਸੰਜੇ ਭੰਡਾਰੀ ਨੂੰ ਅਪਰਾਧ ਦੀ ਰਕਮ ਲੁਕਾਉਣ ਅਤੇ ਦੋਸ਼ੀ ਸੰਜੇ ਭੰਡਾਰੀ ਦੀ ਜਾਇਦਾਦ ਦੇ ਪ੍ਰਬੰਧਨ ਅਤੇ ਰੱਖ-ਰਖਾਅ ’ਚ ਮਦਦ ਕੀਤੀ।
ਚੱਢਾ ਨੇ ਦੋਸ਼ੀ ਸੰਜੇ ਭੰਡਾਰੀ ਅਤੇ ਉਸ ਦੇ ਸਾਥੀਆਂ ਨਾਲ ਕਈ ਲੈਣ-ਦੇਣ ਕੀਤੇ ਸਨ। ਉਹ ਅਪਰਾਧ ਦੀ ਆਮਦਨ ਨੂੰ ਲੁਕਾਉਣ ’ਚ ਸਰਗਰਮੀ ਨਾਲ ਸ਼ਾਮਲ ਪਾਏ ਗਏ ਹਨ। ਅਦਾਲਤ ਨੇ ਮਾਮਲੇ ਦੀ ਸੁਣਵਾਈ ਅਗਲੇ ਸਾਲ 29 ਜਨਵਰੀ ਨੂੰ ਤੈਅ ਕੀਤੀ ਹੈ।