
ਜਪਾਨ ਵਿਚ ਇਕ 400 ਸਾਲ ਪੁਰਾਣੇ ਬੁੱਧ ਮੰਦਰ ਵਿਚ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਰਬੌਟ ਦੀ ਮਦਦ ਲਈ ਜਾ ਰਹੀ ਹੈ।
ਨਵੀਂ ਦਿੱਲੀ : ਜਪਾਨ ਵਿਚ ਇਕ 400 ਸਾਲ ਪੁਰਾਣੇ ਬੁੱਧ ਮੰਦਰ ਵਿਚ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਰਬੌਟ ਦੀ ਮਦਦ ਲਈ ਜਾ ਰਹੀ ਹੈ। ਸੱਤ ਲੱਖ ਪਾਊਂਡ (ਕਰੀਬ 6.5 ਕਰੋੜ ਰੁਪਏ) ਦੀ ਲਾਗਤ ਵਾਲੇ ਇਸ ਰਬੌਟ ਦਾ ਨਾਮ ‘ਕੈਨਨ’ ਹੈ। ਇਸ ਦਾ ਕੰਮ ਮੰਦਰ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਬੁੱਧ ਧਰਮ ਬਾਰੇ ਜਾਣਕਾਰੀ ਤੇ ਉਪਦੇਸ਼ ਦੇਣਾ ਹੈ। ਇਸ ਰਬੌਟ ਨੂੰ ਕਿਓਟੋ ਦੇ ਕੋਡਾਇਜੀ ਮੰਦਰ ਵਿਚ ਰੱਖਿਆ ਗਿਆ ਹੈ। ਇਹ ਮੰਦਰ 1619 ਵਿਚ ਖੋਲ੍ਹਿਆ ਗਿਆ ਸੀ।
ਇਸ ਰੋਬੋਟ ਦਾ ਸਿਰ, ਮੋਢੇ ਤੇ ਹੱਥਾਂ ਨੂੰ ਸਿਲੀਕਾਨ ਦੀ ਚਮੜੀ ਨਾਲ ਢੱਕਿਆ ਗਿਆ ਹੈ। ਇਸ ਦੀ ਲੰਬਾਈ 1.95 ਮੀਟਰ ਤੇ ਵਜ਼ਨ 59 ਕਿੱਲੋ ਹੈ। ਇਸ ਦੀ ਖੱਬੀ ਅੱਖ ਵਿਚ ਇਕ ਵੀਡੀਓ ਕੈਮਰਾ ਲਾਇਆ ਗਿਆ ਹੈ, ਜਿਸ ਦੀ ਮਦਦ ਨਾਲ ਇਹ ਲੋਕਾਂ ਦੀਆਂ ਅੱਖਾਂ ਨਾਲ ਅੱਖਾਂ ਮਿਲਾ ਸਕਦਾ ਹੈ। ਇਸ ਦੇ ਨਾਲ ਹੀ ਇਹ ਰਬੌਟ ਆਪਣੀ ਭਾਸ਼ਾ ਵਿਚ ਉਪਦੇਸ਼ ਦਿੰਦਾ ਹੈ ਪਰ ਇਹ ਹ ਅੰਗ੍ਰੇਜ਼ੀ ਤੇ ਚੀਨੀ ਭਾਸ਼ਾ ਵਿਚ ਤਰਜਮਾ ਕਰਨ ਵਿਚ ਵੀ ਸਮਰੱਥ ਹੈ।
ਨੌਜਵਾਨਾਂ ਨੂੰ ਬੁੱਧ ਧਰਮ ਦੀ ਜਾਣਕਾਰੀ ਦੇਣ ਲਈ ਮੰਦਰ ਦੇ ਪੁਜਾਰੀਆਂ ਨੇ ਓਸਾਕਾ ਯੂਨੀਵਰਸਿਟੀ ਵਿਚ ਇੰਟੈਲੀਜੈਂਟ ਰੋਬੋਟਿਕਸ ਦੇ ਪ੍ਰੋਫੈਸਰ ਹਿਰੋਸ਼ੀ ਇਸ਼ੀਗੁਰੋ ਨਾਲ ਸੰਪਰਕ ਕੀਤਾ। ਇਸ਼ੀਗੁਰੋ ਦੀ ਮਦਦ ਨਾਲ ਹੀ ਇਹ ਰਬੌਟ ਤਿਆਰ ਕੀਤਾ ਗਿਆ। ਮੰਦਰ ਦੇ ਪੁਜਾਰੀ ਟੈਨਸ਼ੋ ਗੋਟੋ ਨੇ ਦੱਸਿਆ ਕਿ ਅੱਜ ਬੁੱਧ ਧਰਮ ਦੁਨੀਆ ਭਰ ਵਿਚ ਫੈਲ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਕੈਨਨ ਰਬੌਟ ਬੁੱਧ ਸਿੱਖਿਆਵਾਂ ਨੂੰ ਲੋਕਾਂ ਤਕ ਪਹੁੰਚਾਉਣ ਵਿਚ ਪੂਰੀ ਮਦਦ ਕਰੇਗਾ।