ਕਿਹਾ, ਭਾਰਤ ਦੀ ਆਰਥਿਕਤਾ ਅਜਿਹੇ ਪੜਾਅ ’ਤੇ ਹੈ, ਜਿੱਥੇ ਨਿੱਜੀ ਖੇਤਰ ਨੂੰ ਜ਼ਿਆਦਾ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ
ਨਵੀਂ ਦਿੱਲੀ: ਨੀਤੀ ਆਯੋਗ ਦੇ ਉਪ ਚੇਅਰਮੈਨ ਸੁਮਨ ਬੇਰੀ ਨੇ ਬੁਧਵਾਰ ਨੂੰ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਕੰਮਕਾਜੀ ਆਬਾਦੀ ਅਤੇ ਮਜ਼ਬੂਤ ਭੌਤਿਕ ਅਤੇ ਡਿਜੀਟਲ ਸੰਸਥਾਵਾਂ ਦੇ ਨਾਲ, ਹੁਣ ਭਾਰਤ ਲਈ ਕੰਮ ਕਰਨ ਦਾ ਸਮਾਂ ਆ ਗਿਆ ਹੈ। ਬੇਰੀ ਨੇ ਇੱਥੇ ‘ਪਬਲਿਕ ਅਫੇਅਰਜ਼ ਫੋਰਮ ਆਫ ਇੰਡੀਆ’ ਵਲੋਂ ਕਰਵਾਏ ਇਕ ਸਮਾਗਮ ’ਚ ਕਿਹਾ ਕਿ ਭਾਰਤ ਦੀ ਆਰਥਿਕਤਾ ਅਜਿਹੇ ਪੜਾਅ ’ਤੇ ਹੈ, ਜਿੱਥੇ ਨਿੱਜੀ ਖੇਤਰ ਨੂੰ ਜ਼ਿਆਦਾ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ।
ਉਨ੍ਹਾਂ ਕਿਹਾ ਕਿ ਦੇਸ਼ ’ਚ ਖੋਜ ਅਤੇ ਵਿਕਾਸ ਕਾਰਜਾਂ ’ਚ ਨਿੱਜੀ ਖੇਤਰ ਦਾ 40 ਫੀ ਸਦੀ ਯੋਗਦਾਨ ਹੈ ਜਦੋਂ ਕਿ ਵਿਕਸਤ ਦੇਸ਼ਾਂ ’ਚ ਇਹ ਅਨੁਪਾਤ 70 ਫੀ ਸਦੀ ਹੈ।
ਬੇਰੀ ਨੇ ਕਿਹਾ, ‘‘ਇਹ ਸਮਾਂ ਭਾਰਤ ਲਈ ਉਡਾਨ ਭਰਨ ਦਾ ਹੈ। ਮਨੁੱਖਤਾ ਦਾ ਪੰਜਵਾਂ ਹਿੱਸਾ ਜੀਵਨ ਪੱਧਰ ’ਚ ਵਾਧਾ ਵੇਖੇਗਾ।’’
ਉਨ੍ਹਾਂ ਕਿਹਾ, ‘‘ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਅੱਗੇ ਵਧ ਰਿਹਾ ਹੈ। ਭਾਰਤ ਕੋਲ ਦੁਨੀਆ ਦੀ ਸਭ ਤੋਂ ਵੱਧ ਕੰਮ ਕਰਨ ਦੀ ਉਮਰ ਦੀ ਆਬਾਦੀ ਅਤੇ ਮਜ਼ਬੂਤ ਭੌਤਿਕ ਅਤੇ ਡਿਜੀਟਲ ਸੰਸਥਾਵਾਂ ਹਨ।’’
ਇਸ ਮੌਕੇ ਨੀਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਨੇ ਸ਼ਹਿਰੀਕਰਨ ਦੇ ਪ੍ਰਬੰਧਨ, ਨਿਯਮਾਂ ਨੂੰ ਸਥਿਰ ਅਤੇ ਟਿਕਾਊ ਬਣਾਉਣ ਅਤੇ ਵਿਆਪਕ ਤਬਦੀਲੀਆਂ ਵਾਲੀਆਂ ਤਕਨੀਕਾਂ ਨੂੰ ਅਪਣਾਉਣ ਵਰਗੀਆਂ ਮਹੱਤਵਪੂਰਨ ਚੁਨੌਤੀਆਂ ਨਾਲ ਨਜਿੱਠਣ ਦੀ ਲੋੜ ’ਤੇ ਵੀ ਜ਼ੋਰ ਦਿਤਾ।