
ਇੰਟਰਨੈੱਟ ਜ਼ਰੀਏ ਲੋਕਾਂ ਨੂੰ ਗੁਮਰਾਹ ਕਰ ਕੇ ਕੀਤਾ ਜਾ ਰਿਹਾ ਹੈ ਸੋਸ਼ਣ
Ban on loan apps Ads : ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਬੁਧਵਾਰ ਨੂੰ ਕਿਹਾ ਕਿ ਸਰਕਾਰ ਨੇ ਸੋਸ਼ਲ ਮੀਡੀਆ ਅਤੇ ਆਨਲਾਈਨ ਮੰਚਾਂ ਨੂੰ ਇਹ ਯਕੀਨੀ ਬਣਾਉਣ ਦੇ ਹੁਕਮ ਦਿਤੇ ਹਨ ਕਿ ਉਹ ਧੋਖਾਧੜੀ ਵਾਲੇ ਕਰਜ਼ਾ ਦੇਣ ਵਾਲੇ ਐਪਸ ਦੇ ਇਸ਼ਤਿਹਾਰਾਂ ਦੀ ਮੇਜ਼ਬਾਨੀ ਨਾ ਕਰਨ।
ਚੰਦਰਸ਼ੇਖਰ ਨੇ ਕਿਹਾ ਕਿ ਆਈ.ਟੀ. ਮੰਤਰਾਲੇ ਨੇ ਮੰਚਾਂ ਨੂੰ ਸਪੱਸ਼ਟ ਕਰ ਦਿਤਾ ਹੈ ਕਿ ਉਹ ਧੋਖਾਧੜੀ ਵਾਲੇ ਕਰਜ਼ਾ ਐਪਸ ਨਹੀਂ ਲੈ ਸਕਦੇ ਕਿਉਂਕਿ ਉਹ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਸੋਸ਼ਣ ਕਰ ਰਹੇ ਹਨ।
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ, ‘‘ਇਕ ਖੇਤਰ ਜਿਸ ’ਤੇ ਅਸੀਂ ਹੁਣ ਕਾਰਵਾਈ ਕਰ ਰਹੇ ਹਾਂ, ਉਹ ਧੋਖਾਧੜੀ ਵਾਲੇ ਕਰਜ਼ਾ ਐਪਸ ਦਾ ਇਸ਼ਤਿਹਾਰ ਹੈ, ਜਿਸ ਨੂੰ ਕਈ ਮੰਚ ਵਿਖਾ ਰਹੇ ਹਨ ਅਤੇ ਅਸੀਂ ਬੀਤੇ ਦਿਨ ਜਾਰੀ ਸਲਾਹ ਰਾਹੀਂ ਇਹ ਸਪੱਸ਼ਟ ਕਰ ਦਿਤਾ ਹੈ ਕਿ ਕੋਈ ਵੀ ਵਿਚੋਲਾ ਕੰਪਨੀ (ਫ਼ੇਸਬੁੱਕ, ਇੰਸਟਾਗ੍ਰਾਮ ਆਦਿ) ਧੋਖਾਧੜੀ ਵਾਲੇ ਕਰਜ਼ਾ ਐਪਸ ਦੇ ਇਸ਼ਤਿਹਾਰ ਨਹੀਂ ਦੇ ਸਕਦਾ ਕਿਉਂਕਿ ਇਹ ਗੁਮਰਾਹਕੁੰਨ ਹੋਵੇਗਾ ਅਤੇ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਲੋਕਾਂ ਦਾ ਸ਼ੋਸ਼ਣ ਕਰੇਗਾ।’’
ਉਨ੍ਹਾਂ ਕਿਹਾ ਕਿ ਸੁਰੱਖਿਅਤ ਅਤੇ ਭਰੋਸੇਮੰਦ ਇੰਟਰਨੈੱਟ ’ਤੇ ਨਿਆਂ ਸ਼ਾਸਤਰ ਅਤੇ ਸਰਕਾਰ ਦੀ ਪਹੁੰਚ ਵਿਕਸਤ ਹੋ ਰਹੀ ਹੈ ਅਤੇ ਆਈ.ਟੀ. ਨਿਯਮਾਂ ’ਚ ਪਾਬੰਦੀਸ਼ੁਦਾ ਸਮੱਗਰੀ ਦੇ 11 ਖੇਤਰਾਂ ਨੂੰ ਸਪੱਸ਼ਟ ਤੌਰ ’ਤੇ ਦਰਸਾਇਆ ਗਿਆ ਹੈ।