
ਪਹਿਲੀ ਤਰਜੀਹ ਲਗਜ਼ਰੀ ਘੜੀਆਂ ਹਨ, ਇਸ ਤੋਂ ਬਾਅਦ ਕਲਾਕ੍ਰਿਤੀਆਂ ਅਤੇ ਗਹਿਣੇ ਖ਼ਰੀਦੇ ਜਾਂਦੇ ਹਨ
ਨਵੀਂ ਦਿੱਲੀ: ਭਾਰਤ ਦੇ ਬਹੁਤ ਅਮੀਰ ਲੋਕ ਅਪਣੀ ਨਿਵੇਸ਼ ਯੋਗ ਜਾਇਦਾਦ ਦਾ 17 ਫੀ ਸਦੀ ਲਗਜ਼ਰੀ (ਐਸ਼ੋ-ਆਰਾਮ ਦੀਆਂ) ਚੀਜ਼ਾਂ ’ਚ ਨਿਵੇਸ਼ ਕਰਦੇ ਹਨ। ਉਨ੍ਹਾਂ ਦੀ ਪਹਿਲੀ ਤਰਜੀਹ ਲਗਜ਼ਰੀ ਘੜੀਆਂ ਹਨ। ਇਸ ਤੋਂ ਬਾਅਦ ਕਲਾਕ੍ਰਿਤੀਆਂ ਅਤੇ ਗਹਿਣੇ ਖ਼ਰੀਦੇ ਜਾਂਦੇ ਹਨ। ਨਾਈਟ ਫ੍ਰੈਂਕ ਇੰਡੀਆ ਦੀ ਇਕ ਰੀਪੋਰਟ ’ਚ ਇਹ ਗੱਲ ਕਹੀ ਗਈ ਹੈ। ਰੀਅਲ ਅਸਟੇਟ ਸਲਾਹਕਾਰ ਨਾਈਟ ਫਰੈਂਕ ਨੇ ਬੁਧਵਾਰ ਨੂੰ ‘ਦਿ ਵੈਲਥ ਰੀਪੋਰਟ-2024’ ਜਾਰੀ ਕੀਤੀ।
ਇਸ ’ਚ ਕਿਹਾ ਗਿਆ ਹੈ ਕਿ ਯੂ.ਐਚ.ਐਨ.ਡਬਲਯੂ.ਆਈ. ਨੇ ਅਪਣੀ ਨਿਵੇਸ਼ਯੋਗ ਦੌਲਤ ਦਾ 17 ਫ਼ੀ ਸਦੀ ਲਗਜ਼ਰੀ ਚੀਜ਼ਾਂ ’ਚ ਨਿਵੇਸ਼ ਕੀਤਾ ਹੈ। 3 ਕਰੋੜ ਡਾਲਰ ਤੋਂ ਵੱਧ ਦੀ ਜਾਇਦਾਦ ਵਾਲੇ ਲੋਕ ਯੂ.ਐਚ.ਐਨ.ਡਬਲਯੂ.ਆਈ. ਸ਼੍ਰੇਣੀ ’ਚ ਆਉਂਦੇ ਹਨ। ਸਲਾਹਕਾਰ ਫਰਮ ਨੇ ਕਿਹਾ ਕਿ ਕਿਸੇ ਚੀਜ਼ ਦੇ ਮਾਲਕ ਹੋਣ ਦੀ ਖੁਸ਼ੀ ਮੁੱਖ ਕਾਰਨ ਹੈ ਕਿ ਯੂ.ਐਚ.ਐਨ.ਡਬਲਯੂ.ਆਈ. ਲਗਜ਼ਰੀ ਜਾਇਦਾਦਾਂ ’ਚ ਨਿਵੇਸ਼ ਕਰ ਰਿਹਾ ਹੈ। ਲਗਜ਼ਰੀ ਘੜੀਆਂ ਭਾਰਤੀ ਯੂ.ਐਚ.ਐਨ.ਡਬਲਯੂ.ਆਈ. ਵਿਖੇ ਤਰਜੀਹੀ ਨਿਵੇਸ਼ ਬਦਲ ਹਨ। ਇਸ ਤੋਂ ਬਾਅਦ ਕਲਾਕ੍ਰਿਤੀਆਂ ਅਤੇ ਗਹਿਣੇ ਆਉਂਦੇ ਹਨ।
‘ਕਲਾਸਿਕ’ ਕਾਰਾਂ ਚੌਥੇ ਸਥਾਨ ’ਤੇ ਹਨ। ਇਸ ਤੋਂ ਬਾਅਦ ਲਗਜ਼ਰੀ ਹੈਂਡਬੈਗ, ਵਾਈਨ, ਦੁਰਲੱਭ ਵਿਸਕੀ, ਫਰਨੀਚਰ, ਰੰਗੀਨ ਹੀਰੇ ਅਤੇ ਸਿੱਕੇ ਹਨ। ਹਾਲਾਂਕਿ, ਆਲਮੀ ਪੱਧਰ ’ਤੇ ਬਹੁਤ ਅਮੀਰਾਂ ਦੀ ਪਸੰਦ ਲਗਜ਼ਰੀ ਘੜੀਆਂ ਅਤੇ ਕਲਾਸਿਕ ਕਾਰਾਂ ਹਨ। ਨਾਈਟ ਫ੍ਰੈਂਕ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸ਼ਿਸ਼ਿਰ ਬੈਜਲ ਨੇ ਰੀਪੋਰਟ ’ਚ ਕਿਹਾ ਕਿ ਭਾਰਤ ’ਚ ਅਮੀਰ ਵਰਗ ਨੇ ਲੰਮੇ ਸਮੇਂ ਤੋਂ ਵੱਖ-ਵੱਖ ਸ਼੍ਰੇਣੀਆਂ ’ਚ ਇਕੱਤਰ ਕਰਨ ਵਾਲੀਆਂ ਚੀਜ਼ਾਂ ’ਚ ਦਿਲਚਸਪੀ ਵਿਖਾਈ ਹੈ। ਘਰੇਲੂ ਅਤੇ ਆਲਮੀ ਦੋਵੇਂ ਬਾਜ਼ਾਰ ਅਜਿਹੀਆਂ ਚੀਜ਼ਾਂ ਲਈ ਮਹੱਤਵਪੂਰਣ ਉੱਚ ਰਿਟਰਨ ਦੀ ਪੇਸ਼ਕਸ਼ ਕਰਦੇ ਹਨ। ਭਾਰਤ ਦਾ ਅਤਿ ਅਮੀਰ ਵਰਗ ਇਸ ਵਲ ਸਰਗਰਮੀ ਨਾਲ ਧਿਆਨ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਰਤ ’ਚ ਸਾਰੇ ਉਮਰ ਸਮੂਹਾਂ ’ਚ ਦੁਰਲੱਭ ਇਕੱਤਰ ਕਰਨ ਯੋਗ ਚੀਜ਼ਾਂ ਦੀ ਮੰਗ ਵੱਧ ਰਹੀ ਹੈ। ਬੈਜਲ ਨੇ ਕਿਹਾ, ‘‘... ਜਿਵੇਂ ਕਿ ਦੇਸ਼ ਵਿਚ ਦੌਲਤ ਵਿਚ ਵਾਧਾ ਜਾਰੀ ਹੈ, ਅਸੀਂ ਇਨ੍ਹਾਂ ਸੰਪਤੀ ਸ਼੍ਰੇਣੀਆਂ ਵਿਚ ਹੋਰ ਨਿਵੇਸ਼ ਦੀ ਉਮੀਦ ਕਰ ਸਕਦੇ ਹਾਂ।’’