
ਪਹਿਲਾਂ ਸਿਮ ਸਵੈਪ ਲਈ 10 ਦਿਨ ਇੰਤਜ਼ਾਰ ਕਰਨਾ ਪੈਂਦਾ ਸੀ
ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰ ਟਰਾਈ ਨੇ ਸ਼ੁਕਰਵਾਰ ਨੂੰ ਕਿਹਾ ਕਿ ਸਿਮ ਬਦਲਣ ਦੇ ਮਾਮਲੇ ’ਚ ਮੋਬਾਈਲ ਨੰਬਰ ਨੂੰ 7 ਦਿਨਾਂ ਬਾਅਦ ਹੀ ਪੋਰਟਿੰਗ ਲਈ ਯੋਗ ਮੰਨਿਆ ਜਾਵੇਗਾ। ਮੋਬਾਈਲ ਫੋਨ ਨੰਬਰਾਂ ਰਾਹੀਂ ਧੋਖਾਧੜੀ ਨੂੰ ਰੋਕਣ ਲਈ ਇਹ ਕਦਮ ਚੁਕਿਆ ਗਿਆ ਹੈ।
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਨੇ ਕਿਹਾ ਕਿ ਰੈਗੂਲੇਟਰ ਵਲੋਂ 14 ਮਾਰਚ, 2024 ਨੂੰ ਜਾਰੀ ਕੀਤੇ ਗਏ ਟੈਲੀਕਾਮ ਮੋਬਾਈਲ ਨੰਬਰ ਪੋਰਟੇਬਿਲਟੀ (ਨੌਵੀਂ ਸੋਧ) ਨਿਯਮ 1 ਜੁਲਾਈ, 2024 ਤੋਂ ਲਾਗੂ ਹੋਣਗੇ। ਇਸ ਤੋਂ ਪਹਿਲਾਂ ਸਿਮ ਸਵੈਪ ਲਈ 10 ਦਿਨ ਇੰਤਜ਼ਾਰ ਕਰਨਾ ਪੈਂਦਾ ਸੀ। ਪਰ ਰੈਗੂਲੇਟਰ ਨੇ ਤਾਜ਼ਾ ਸੋਧ ’ਚ ਇਸ ਮਿਆਦ ਨੂੰ ਘਟਾ ਕੇ ਸੱਤ ਦਿਨ ਕਰ ਦਿਤਾ ਹੈ।
ਟਰਾਈ ਨੇ ਕਿਹਾ ਕਿ ਸੋਧੇ ਹੋਏ ਨਿਯਮਾਂ ਦਾ ਮਕਸਦ ਧੋਖਾਧੜੀ ਕਰਨ ਲਈ ਸਮਾਜ ਵਿਰੋਧੀ ਅਨਸਰਾਂ ਵਲੋਂ ਮੋਬਾਈਲ ਨੰਬਰਾਂ ਦੀ ਪੋਰਟਿੰਗ ’ਤੇ ਰੋਕ ਲਗਾਉਣਾ ਹੈ। ਰੈਗੂਲੇਟਰ ਨੇ ਕਿਹਾ ਕਿ ਇਹ ਨਿਯਮ ਯੂਨੀਕ ਪੋਰਟਿੰਗ ਕੋਡ (ਯੂਪੀਸੀ) ਦੀ ਅਲਾਟਮੈਂਟ ਦੀ ਬੇਨਤੀ ਨੂੰ ਰੱਦ ਕਰਨ ਲਈ ਇਕ ਵਾਧੂ ਮਾਪਦੰਡ ਪੇਸ਼ ਕਰਦੇ ਹਨ। ਜੇ ‘ਸਿਮ ਸਵੈਪ‘ ਦੀ ਮਿਤੀ ਤੋਂ ਸੱਤ ਦਿਨਾਂ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਯੂਪੀਸੀ ਦੀ ਬੇਨਤੀ ਕੀਤੀ ਜਾਂਦੀ ਹੈ, ਤਾਂ ਯੂਪੀਸੀ ਅਲਾਟ ਨਹੀਂ ਕੀਤੀ ਜਾਵੇਗੀ।