ਰਾਇਮੰਡੋ ਚੀਨ ਨਾਲ ਦੇਸ਼ ਦੇ ਸਬੰਧਾਂ ਨੂੰ ਸੁਧਾਰਨ ਲਈ ਬੀਜਿੰਗ ਦੇ ਦੌਰੇ ’ਤੇ ਹਨ
ਬੀਜਿੰਗ: ਅਮਰੀਕਾ ਦੀ ਵਣਜ ਸਕੱਤਰ ਜੀਨਾ ਰਾਇਮੰਡੋ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵੈਂਗ ਵੇਨਟਾਓ ਨੇ ਸੋਮਵਾਰ ਨੂੰ ਬਿਹਤਰ ਵਪਾਰਕ ਸਥਿਤੀਆਂ ’ਤੇ ਸਹਿਮਤੀ ਪ੍ਰਗਟਾਈ।
ਰਾਇਮੰਡੋ ਚੀਨ ਨਾਲ ਦੇਸ਼ ਦੇ ਸਬੰਧਾਂ ਨੂੰ ਸੁਧਾਰਨ ਲਈ ਬੀਜਿੰਗ ਦੇ ਦੌਰੇ ’ਤੇ ਹਨ।
ਇਸ ਤੋਂ ਪਹਿਲਾਂ ਅਮਰੀਕੀ ਵਿੱਤ ਮੰਤਰੀ ਜੈਨੇਟ ਯੇਲੇਨ ਸਮੇਤ ਹੋਰ ਅਮਰੀਕੀ ਅਧਿਕਾਰੀਆਂ ਨੇ ਜੁਲਾਈ ’ਚ ਚੀਨ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਸੰਚਾਰ ’ਚ ਸੁਧਾਰ ਦੀ ਉਮੀਦ ਪ੍ਰਗਟਾਈ ਸੀ, ਪਰ ਤਕਨਾਲੋਜੀ, ਸੁਰੱਖਿਆ, ਮਨੁੱਖੀ ਅਧਿਕਾਰਾਂ ਅਤੇ ਹੋਰ ਮੁੱਦਿਆਂ ’ਤੇ ਵਿਵਾਦਾਂ ’ਤੇ ਕਿਸੇ ਤਰੱਕੀ ਦਾ ਐਲਾਨ ਨਹੀਂ ਕੀਤਾ ਜਿਨ੍ਹਾਂ ਕਾਰਨਾਂ ਨਾਲ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਦਹਾਕਿਆਂ ’ਚ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚਾਇਆ ਹੈ।
ਅਪਣੇ ਵਲੋਂ ਚੀਨੀ ਨੇਤਾ ਸ਼ੀ ਜਿਨਪਿੰਗ ਦੀ ਸਰਕਾਰ ਚੀਨ ’ਚ ਵਿਦੇਸ਼ੀ ਨਿਵੇਸ਼ਕਾਂ ਦੀ ਦਿਲਚਸਪੀ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਦੇਸ਼ ਡੂੰਘੀ ਆਰਥਕ ਮੰਦੀ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਿਹਾ ਹੈ।
ਚੀਨ ਦੇ ਵਣਜ ਮੰਤਰੀ ਵਾਂਗ ਵੇਂਤਾਉ ਨੇ ਰਾਇਮੰਡੋ ਨੂੰ ਕਿਹਾ ਕਿ ਉਹ ‘‘ਮਜ਼ਬੂਤ ਸਹਿਯੋਗ ਲਈ ਵਧੇਰੇ ਅਨੁਕੂਲ ਨੀਤੀ ਮਾਹੌਲ ਨੂੰ ਉਤਸ਼ਾਹਿਤ ਕਰਨ’’ ਅਤੇ ਅਮਰੀਕੀ ਅਤੇ ਚੀਨੀ ਕਾਰੋਬਾਰਾਂ ਵਿਚਕਾਰ ‘‘ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਵਧਾਉਣ’’ ਲਈ ਮਿਲ ਕੇ ਕੰਮ ਕਰਨ ਲਈ ਤਿਆਰ ਹਨ।
ਰਾਇਮੰਡੋ ਨੇ ਕਿਹਾ ਕਿ ਦੋਵੇਂ ਧਿਰਾਂ ਵਧੇਰੇ ਆਪਸੀ ਤਾਲਮੇਲ ਵਧਾਉਣ ਲਈ ਜਾਣਕਾਰੀ ਦੇ ਨਵੇਂ ਪਹਿਲੂਆਂ ’ਤੇ ਕੰਮ ਕਰ ਰਹੀਆਂ ਹਨ।
ਉਨ੍ਹਾਂ ਕਿਹਾ, ‘‘ਇਹ ਬਹੁਤ ਮਹੱਤਵਪੂਰਨ ਹੈ ਕਿ ਸਾਡੇ ਸਥਿਰ ਆਰਥਕ ਸਬੰਧ ਹੋਣ। ਮੇਰਾ ਮੰਨਣਾ ਹੈ ਕਿ ਜੇਕਰ ਅਸੀਂ ਸਿੱਧੇ, ਖੁੱਲ੍ਹੇ ਅਤੇ ਵਿਹਾਰਕ ਹਾਂ ਤਾਂ ਅਸੀਂ ਤਰੱਕੀ ਕਰ ਸਕਦੇ ਹਾਂ।’’
ਰਾਇਮੰਡੋ ਦੀ ਬੀਜਿੰਗ ਅਤੇ ਸ਼ੰਘਾਈ ਦੇ ਦੋ ਦਿਨਾਂ ਦੌਰੇ ਦੌਰਾਨ ਚੀਨੀ ਪ੍ਰਧਾਨ ਮੰਤਰੀ ਲੀ ਕਿਯਾਂਗ ਅਤੇ ਹੋਰ ਅਧਿਕਾਰੀਆਂ ਨੂੰ ਮਿਲਣ ਦੀ ਵੀ ਯੋਜਨਾ ਹੈ।