
ਬਿਨਾਂ ਕੋਈ ਸਬੂਤ ਦਿਤੇ ਟਰੰਪ ਨੇ ਕਿਹਾ ਕਿ ਡੈਮੋਕ੍ਰੇਟਿਕ ਨੇਤਾ ਚਾਹੁੰਦੇ ਹਨ ਕਿ ਪ੍ਰਵਾਸੀ ਵੋਟਰਾਂ ਵਜੋਂ ਅਮਰੀਕੀਆਂ ਦੀ ਥਾਂ ਲੈਣ
ਸੰਯੁਕਤ ਰਾਸ਼ਟਰ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁਕਰਵਾਰ ਨੂੰ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਨਾਲ ਬਹਿਸ ਅਤੇ ਇਕ ਰੈਲੀ ਦੌਰਾਨ ਦਾਅਵਾ ਕੀਤਾ ਕਿ ਪ੍ਰਵਾਸੀ ਅਮਰੀਕਾ ਵਿਚ ਕਾਲੇ ਅਤੇ ਲਾਤਿਨ ਅਮਰੀਕੀ ਲੋਕਾਂ ਤੋਂ ਨੌਕਰੀਆਂ ਖੋਹ ਰਹੇ ਹਨ। ਟਰੰਪ ਦੇ ਬਿਆਨ ਦੀ ਉਨ੍ਹਾਂ ਦੇ ਆਲੋਚਕਾਂ ਨੇ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਵੋਟ ਬੈਂਕ ਦਾ ਆਧਾਰ ਵਧਾਉਣ ਦੀ ਨਸਲੀ ਅਤੇ ਅਪਮਾਨਜਨਕ ਕੋਸ਼ਿਸ਼ ਹੈ।
ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਵੀਰਵਾਰ ਨੂੰ ਟਰੰਪ ਅਤੇ ਬਾਈਡਨ ਵਿਚਾਲੇ ਲਗਭਗ 90 ਮਿੰਟ ਤਕ ਭਖਵੀਂ ਬਹਿਸ ਹੋਈ। ਬਿਨਾਂ ਕੋਈ ਸਬੂਤ ਦਿਤੇ ਟਰੰਪ ਨੇ ਕਿਹਾ ਕਿ ਡੈਮੋਕ੍ਰੇਟਿਕ ਨੇਤਾ ਚਾਹੁੰਦੇ ਹਨ ਕਿ ਪ੍ਰਵਾਸੀ ਵੋਟਰਾਂ ਵਜੋਂ ਅਮਰੀਕੀਆਂ ਦੀ ਥਾਂ ਲੈਣ।
ਉਨ੍ਹਾਂ ਨੇ ਸੀ.ਐਨ.ਐਨ. ਦੀ ਬਹਿਸ ’ਚ ਕਿਹਾ, ‘‘ਸੱਚਾਈ ਇਹ ਹੈ ਕਿ ਉਹ ਉਨ੍ਹਾਂ ਲੱਖਾਂ ਲੋਕਾਂ ਰਾਹੀਂ ਕਾਲੇ ਲੋਕਾਂ ਨੂੰ ਸੱਭ ਤੋਂ ਵੱਡਾ ਝਟਕਾ ਦੇ ਰਹੇ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਸਰਹੱਦ ਪਾਰ ਕਰਨ ਦੀ ਇਜਾਜ਼ਤ ਦਿਤੀ ਹੈ। ਉਹ ਹੁਣ ਕਾਲੇ ਲੋਕਾਂ ਦੀਆਂ ਨੌਕਰੀਆਂ ਲੈ ਰਹੇ ਹਨ। ਉਹ ਲਾਤੀਨੀ ਅਮਰੀਕੀਆਂ ਦੀਆਂ ਨੌਕਰੀਆਂ ਲੈ ਰਹੇ ਹਨ। ਤੁਸੀਂ ਇਸ ਸਮੇਂ ਇਸ ਨੂੰ ਨਹੀਂ ਸਮਝਦੇ, ਪਰ ਤੁਸੀਂ ਸਾਡੇ ਇਤਿਹਾਸ ਵਿਚ ਸੱਭ ਤੋਂ ਬੁਰੀ ਚੀਜ਼ ਨੂੰ ਵਾਪਰਦੇ ਹੋਏ ਦੇਖੋਂਗੇ।’’
ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾਲ ਬਾਈਡਨ ਦੇ ਕੰਮ ਤੋਂ ਅਸੰਤੁਸ਼ਟ ਕਾਲੇ ਅਤੇ ਲਾਤੀਨੀ ਭਾਈਚਾਰੇ ਤਕ ਸਾਬਕਾ ਰਾਸ਼ਟਰਪਤੀ ਦੀ ਪਹੁੰਚ ਵਧੇਗੀ। ਟਰੰਪ ਨੇ ਸ਼ੁਕਰਵਾਰ ਨੂੰ ਵਰਜੀਨੀਆ ਵਿਚ ਇਕ ਰੈਲੀ ਦੌਰਾਨ ਇਕ ਵਾਰ ਫਿਰ ਇਹ ਟਿਪਣੀ ਕੀਤੀ। ਡੈਮੋਕ੍ਰੇਟਿਕ ਪਾਰਟੀ ਅਤੇ ਕਾਲੇ ਨੇਤਾਵਾਂ ਨੇ ਟਰੰਪ ਦੇ ਬਿਆਨ ਦੀ ਨਿੰਦਾ ਕੀਤੀ।
‘ਨੈਸ਼ਨਲ ਐਸੋਸੀਏਸ਼ਨ ਫਾਰ ਦਿ ਐਡਵਾਂਸਮੈਂਟ ਆਫ ਕਲਰਡ ਪੀਪਲ’ ਦੇ ਪ੍ਰਧਾਨ ਅਤੇ ਸੀ.ਈ.ਓ. ਡੇਰਿਕ ਜਾਨਸਨ ਨੇ ਕਿਹਾ, ‘‘ਕਾਲੇ ਲੋਕਾਂ ਲਈ, ਨੌਕਰੀ ਵਰਗੀ ਕੋਈ ਚੀਜ਼ ਨਹੀਂ ਹੈ। ਇਹ ਗਲਤ ਜਾਣਕਾਰੀ ਕਾਲੀ ਪ੍ਰਤਿਭਾ ਦੀ ਸਰਬਵਿਆਪਕਤਾ ਨੂੰ ਨਕਾਰਦੀ ਹੈ। ਅਸੀਂ ਡਾਕਟਰ, ਵਕੀਲ, ਅਧਿਆਪਕ, ਪੁਲਿਸ ਅਧਿਕਾਰੀ ਅਤੇ ਫਾਇਰ ਫਾਈਟਰ ਹਾਂ। ਸੂਚੀ ਬਹੁਤ ਲੰਮੀ ਹੈ।’’
ਉਨ੍ਹਾਂ ਕਿਹਾ, ‘‘ਇਹ ਚਿੰਤਾਜਨਕ ਹੈ ਕਿ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਇਕ ਅਜਿਹਾ ਫਰਕ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਮੌਜੂਦ ਨਹੀਂ ਹੈ, ਹਾਲਾਂਕਿ ਟਰੰਪ ਵਲੋਂ ਇਸ ਤਰ੍ਹਾਂ ਦੀ ਵੰਡਪਾਊ ਗੱਲਾਂ ਕਰਨ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ।’’