
ਹੋਰ ਛੋਟੀਆਂ ਬੱਚਤ ਸਕੀਮਾਂ ’ਚ ਕੋਈ ਬਦਲਾਅ ਨਹੀਂ
ਨਵੀਂ ਦਿੱਲੀ: ਸਰਕਾਰ ਨੇ ਦਸੰਬਰ ਤਿਮਾਹੀ ਲਈ ਪੰਜ ਸਾਲਾ ਆਵਰਤੀ ਜਮ੍ਹਾ (ਆਰ.ਡੀ.) ਯੋਜਨਾ ’ਤੇ ਵਿਆਜ ਦਰ 6.5 ਫੀ ਸਦੀ ਤੋਂ ਵਧਾ ਕੇ 6.7 ਫੀ ਸਦੀ ਕਰ ਦਿਤੀ ਹੈ। ਹਾਲਾਂਕਿ, ਪੀ.ਪੀ.ਐਫ਼. ਸਮੇਤ ਹੋਰ ਸਾਰੀਆਂ ਛੋਟੀਆਂ ਬੱਚਤ ਯੋਜਨਾਵਾਂ ਲਈ ਵਿਆਜ ਦਰਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਵਿੱਤ ਮੰਤਰਾਲੇ ਵਲੋਂ ਸ਼ੁਕਰਵਾਰ ਨੂੰ ਜਾਰੀ ਸਰਕੂਲਰ ਮੁਤਾਬਕ ਬਚਤ ਜਮ੍ਹਾ ’ਤੇ 4 ਫੀ ਸਦੀ ਅਤੇ ਇਕ ਸਾਲ ਦੀ ਫਿਕਸਡ ਡਿਪਾਜ਼ਿਟ ’ਤੇ 6.9 ਫੀਸਦੀ ਵਿਆਜ ਪਹਿਲਾਂ ਵਾਂਗ ਹੀ ਮਿਲਦਾ ਰਹੇਗਾ।
ਦੋ ਸਾਲ ਅਤੇ ਤਿੰਨ ਸਾਲ ਦੀ ਫਿਕਸਡ ਡਿਪਾਜ਼ਿਟ ’ਤੇ ਵਿਆਜ 7 ਫੀ ਸਦੀ ਹੈ, ਜਦੋਂ ਕਿ ਪੰਜ ਸਾਲ ਦੀ ਫਿਕਸਡ ਡਿਪਾਜ਼ਿਟ ’ਤੇ ਵਿਆਜ 7.5 ਫੀ ਸਦੀ ਹੈ। ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ’ਤੇ 8.2 ਫੀ ਸਦੀ ਵਿਆਜ ਮਿਲਦਾ ਰਹੇਗਾ।
ਮਹੀਨਾਵਾਰ ਆਮਦਨ ਖਾਤਾ ਯੋਜਨਾ ’ਤੇ ਵਿਆਜ 7.4 ਫੀ ਸਦੀ ਹੈ, ਜਦੋਂ ਕਿ ਰਾਸ਼ਟਰੀ ਬੱਚਤ ਸਰਟੀਫਿਕੇਟ ’ਤੇ ਇਹ 7.7 ਫੀ ਸਦੀ ਹੈ ਅਤੇ ਪਬਲਿਕ ਪ੍ਰੋਵੀਡੈਂਟ ਫੰਡ (ਪੀ.ਪੀ.ਐਫ਼.) ਸਕੀਮ ’ਤੇ ਇਹ 7.1 ਫੀ ਸਦੀ ਹੈ।
ਕਿਸਾਨ ਵਿਕਾਸ ਪੱਤਰ ’ਤੇ ਵਿਆਜ ਦਰ 7.5 ਫ਼ੀ ਸਦੀ ਹੈ ਅਤੇ ਇਹ 115 ਮਹੀਨਿਆਂ ’ਚ ਪਰਪੱਕ ਹੋ ਜਾਵੇਗੀ। ਸਰਕੂਲਰ ਅਨੁਸਾਰ, ਪ੍ਰਸਿੱਧ ਬਾਲਿਕਾ ਯੋਜਨਾ ‘ਸੁਕੰਨਿਆ ਸਮ੍ਰਿਧੀ ਖਾਤੇ’ ’ਤੇ ਵਿਆਜ ਦਰ ਅੱਠ ਫ਼ੀ ਸਦੀ ’ਤੇ ਬਰਕਰਾਰ ਰੱਖੀ ਗਈ ਹੈ। ਸਰਕਾਰ ਹਰ ਤਿਮਾਹੀ ’ਚ ਮੁੱਖ ਤੌਰ ’ਤੇ ਡਾਕਘਰਾਂ ’ਚ ਸੰਚਾਲਿਤ ਛੋਟੀਆਂ ਬੱਚਤ ਯੋਜਨਾਵਾਂ ’ਤੇ ਵਿਆਜ ਦਰਾਂ ਨੂੰ ਨੋਟੀਫ਼ਾਈ ਕਰਦੀ ਹੈ।