
10 ਫੀਸਦੀ ਦੀ ਗਿਰਾਵਟ ਆਉਣ ਦੀ ਸੰਭਾਵਨਾ
ਨਵੀਂ ਦਿੱਲੀ : ਧਨਤੇਰਸ ’ਤੇ ਸੋਨੇ ਦੀਆਂ ਕੀਮਤਾਂ ’ਚ ਸਾਲਾਨਾ 33 ਫੀ ਸਦੀ ਦੇ ਵਾਧੇ ਕਾਰਨ ਸੋਨੇ ਦੀ ਵਿਕਰੀ ’ਚ ਸਾਲਾਨਾ ਆਧਾਰ ’ਤੇ 10 ਫੀ ਸਦੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਉਦਯੋਗ ਮਾਹਰਾਂ ਨੇ ਇਹ ਗੱਲ ਕਹੀ ਹੈ।
ਹਿੰਦੂ ਕੈਲੰਡਰ ਵਿਚ ਕੀਮਤੀ ਧਾਤਾਂ ਤੋਂ ਲੈ ਕੇ ਭਾਂਡੇ ਤਕ ਦੀਆਂ ਚੀਜ਼ਾਂ ਦੀ ਖਰੀਦਦਾਰੀ ਲਈ ਸੱਭ ਤੋਂ ਸ਼ੁਭ ਦਿਨ ਧਨਤੇਰਸ ਬੁਧਵਾਰ ਦੁਪਹਿਰ 1:11 ਵਜੇ ਤਕ ਦੋ ਦਿਨਾਂ ਲਈ ਮਨਾਇਆ ਜਾਣਾ ਹੈ, ਇਸ ਲਈ ਜਿਊਲਰਾਂ ਨੂੰ ਆਨਲਾਈਨ ਅਤੇ ਆਫਲਾਈਨ ਦੋਹਾਂ ਸਟੋਰਾਂ ਵਿਚ ਵਧੇਰੇ ਗਾਹਕਾਂ ਦੀ ਉਮੀਦ ਹੈ।
ਕੌਮੀ ਰਾਜਧਾਨੀ ’ਚ ਸੋਨੇ ਦੀ ਕੀਮਤ ਪਿਛਲੇ ਸਾਲ ਨਾਲੋਂ 33 ਫੀ ਸਦੀ ਵਧ ਕੇ 81,400 ਰੁਪਏ ਪ੍ਰਤੀ 10 ਗ੍ਰਾਮ ਹੋ ਗਈ, ਜੋ ਪਿਛਲੇ ਸਾਲ ਧਨਤੇਰਸ ’ਤੇ 61,200 ਰੁਪਏ ਸੀ। ਪਿਛਲੇ ਸਾਲ ਧਨਤੇਰਸ 11 ਨਵੰਬਰ ਨੂੰ ਮਨਾਇਆ ਗਿਆ ਸੀ।
ਮੰਗਲਵਾਰ ਨੂੰ ਚਾਂਦੀ ਦੀ ਕੀਮਤ 35 ਫੀ ਸਦੀ ਵਧ ਕੇ 99,700 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ, ਜੋ ਪਿਛਲੇ ਸਾਲ ਧਨਤੇਰਸ ਦੇ ਦਿਨ 74,000 ਰੁਪਏ ਸੀ।
ਆਲ ਇੰਡੀਆ ਜੇਮ ਐਂਡ ਜਿਊਲਰੀ ਡੋਮੈਸਟਿਕ ਕੌਂਸਲ ਦੇ ਪ੍ਰਧਾਨ ਸੰਯਮ ਮਹਿਰਾ ਨੇ ਕਿਹਾ, ‘‘ਸੋਨੇ ਦੀਆਂ ਉੱਚੀਆਂ ਕੀਮਤਾਂ ਦੇ ਬਾਵਜੂਦ ਖਰੀਦਦਾਰੀ ਦੀ ਭਾਵਨਾ ਚੰਗੀ ਹੈ। ਮਾਤਰਾ ਦੇ ਹਿਸਾਬ ਨਾਲ ਅਸੀਂ ਪਿਛਲੇ ਸਾਲ ਦੇ ਮੁਕਾਬਲੇ 10 ਫੀ ਸਦੀ ਦੀ ਗਿਰਾਵਟ ਅਤੇ ਮੁੱਲ ਦੇ ਹਿਸਾਬ ਨਾਲ 20 ਫੀ ਸਦੀ ਜ਼ਿਆਦਾ ਰਹਿਣ ਦੀ ਉਮੀਦ ਕਰ ਰਹੇ ਹਾਂ।’’
ਰੀਸਾਈਕਲ ਕੀਤੇ ਗਹਿਣਿਆਂ ਦੀ ਵਿਕਰੀ ਵੀ ਚੰਗੀ ਰਹੀ। ਉਨ੍ਹਾਂ ਕਿਹਾ ਕਿ 2, 3, 4, 5 ਅਤੇ 8 ਗ੍ਰਾਮ ਦੇ ਸੋਨੇ ਦੇ ਸਿੱਕੇ ਅਤੇ ਚੇਨ, ਬਾਲੀਆਂ ਅਤੇ ਬ੍ਰੈਸਲੇਟ ਵਰਗੇ ਹਲਕੇ ਭਾਰ ਦੇ ਗਹਿਣੇ ਵੀ ਉੱਚ ਮਾਤਰਾ ’ਚ ਹਨ। ਮਹਿਰਾ ਨੇ ਕਿਹਾ ਕਿ ਧਨਤੇਰਸ ਦਾ ਤਿਉਹਾਰ ਬੁਧਵਾਰ ਦੁਪਹਿਰ ਤਕ ਹੈ, ਇਸ ਲਈ ਹੋਰ ਕਾਰੋਬਾਰ ਦੀ ਉਮੀਦ ਹੈ।