
ਮੌਰਿਆ 2,000 ਰੁਪਏ ਦੇ ਨੋਟ ਬਦਲਣ ਲਈ ਗਰੀਬ ਮਰਦਾਂ ਅਤੇ ਔਰਤਾਂ ਨੂੰ ਕਮਿਸ਼ਨ ’ਤੇ ਰੱਖਦਾ ਸੀ
ਨਾਗਪੁਰ : 2,000 ਰੁਪਏ ਦੇ ਨੋਟਾਂ ਨੂੰ ਕਮਿਸ਼ਨ ’ਤੇ ਬਦਲਣ ਵਾਲੇ ਗਿਰੋਹ ਦੀ ਜਾਂਚ ਕਰ ਰਹੀ ਨਾਗਪੁਰ ਪੁਲਿਸ ਨੇ ਇਕ ਮੂੰਗਫਲੀ ਵੇਚਣ ਵਾਲੇ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਵਿਚੋਂ ਇਕ ਨੰਦਲਾਲ ਮੌਰੀਆ ਸੰਵਿਧਾਨ ਚੌਕ ਇਲਾਕੇ ਵਿਚ ਇਕ ਠੇਲੇ ’ਤੇ ਮੂੰਗਫਲੀ ਅਤੇ ਹੋਰ ਚੀਜ਼ਾਂ ਵੇਚਦਾ ਹੈ। ਸੰਵਿਧਾਨ ਚੌਕ ਖੇਤਰ ’ਚ ਰਿਜ਼ਰਵ ਬੈਂਕ ਦਾ ਦਫਤਰ ਅਤੇ ਮਹਾਰਾਸ਼ਟਰ ਵਿਧਾਨ ਭਵਨ ਹੈ।
ਮੌਰਿਆ 2,000 ਰੁਪਏ ਦੇ ਨੋਟ ਬਦਲਣ ਲਈ ਗਰੀਬ ਮਰਦਾਂ ਅਤੇ ਔਰਤਾਂ ਨੂੰ ਕਮਿਸ਼ਨ ’ਤੇ ਰੱਖਦਾ ਸੀ। ਇਕ ਅਧਿਕਾਰੀ ਨੇ ਐਤਵਾਰ ਨੂੰ ਦਸਿਆ ਕਿ ਉਹ ਇਨ੍ਹਾਂ ਨੋਟਾਂ ਨੂੰ 500 ਰੁਪਏ ਦੇ ਨੋਟਾਂ ਨਾਲ ਬਦਲਣ ਲਈ ਅਪਣੇ ਆਧਾਰ ਕਾਰਡ ਦਾ ਵੇਰਵਾ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੂੰ ਦਿੰਦੇ ਸਨ।
ਗ੍ਰਿਫਤਾਰ ਕੀਤੇ ਗਏ ਤਿੰਨ ਹੋਰ ਮੁਲਜ਼ਮਾਂ ਦੀ ਪਛਾਣ ਰੋਹਿਤ ਬਾਵਨੇ (34), ਕਿਸ਼ੋਰ ਬਹੋਰੀਆ (30) ਅਤੇ ਅਨਿਲ ਜੈਨ (56) ਵਜੋਂ ਹੋਈ ਹੈ। ਜੈਨ ਨੂੰ ਅਪਰਾਧ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ। ਰਿਜ਼ਰਵ ਬੈਂਕ ਨੇ 19 ਮਈ, 2023 ਨੂੰ 2,000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ।
ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਜੈਨ ਨੇ ਵੱਖ-ਵੱਖ ਥਾਵਾਂ ’ਤੇ ਸਥਿਤ ਵੱਖ-ਵੱਖ ਗਾਹਕਾਂ ਤੋਂ 2,000 ਰੁਪਏ ਦੇ ਨੋਟ ਇਕੱਠੇ ਕਰਨ ਤੋਂ ਬਾਅਦ ਮੌਰਿਆ ਨੂੰ ਰੈਕੇਟ ਚਲਾਉਣ ’ਚ ਸ਼ਾਮਲ ਕੀਤਾ ਸੀ। ਜੈਨ ਨੇ ਮੌਰਿਆ ਨੂੰ 500 ਰੁਪਏ ਦੇ ਨੋਟਾਂ ਦੇ ਨਾਲ 2000 ਰੁਪਏ ਦੇ 10 ਨੋਟ ਸੌਂਪੇ। ਉਸ ਨੇ 500 ਰੁਪਏ ਦੇ ਨੋਟਾਂ ਨੂੰ ਬਦਲਣ ਲਈ 200 ਰੁਪਏ ਦੇਣ ਦਾ ਵਾਅਦਾ ਕੀਤਾ ਸੀ।
ਮੌਰਿਆ ਨੇ ਸੰਵਿਧਾਨ ਚੌਕ ਸਥਿਤ ਆਰ.ਬੀ.ਆਈ. ਦਫ਼ਤਰ ਦਾ ਦੌਰਾ ਕੀਤਾ ਅਤੇ 2,000 ਰੁਪਏ ਦੇ 10 ਨੋਟ ਸਫਲਤਾਪੂਰਵਕ ਬਦਲੇ। ਪ੍ਰਕਿਰਿਆ ਸਿੱਖਣ ਤੋਂ ਬਾਅਦ, ਉਸ ਨੇ ਗਰੀਬ ਮਰਦਾਂ ਅਤੇ ਔਰਤਾਂ ਨੂੰ ਨੌਕਰੀ ’ਤੇ ਰਖਣਾ ਸ਼ੁਰੂ ਕਰ ਦਿਤਾ ਅਤੇ ਉਨ੍ਹਾਂ ਨੂੰ ਆਰ.ਬੀ.ਆਈ. ’ਚ ਬੈਂਕ ਨੋਟ ਬਦਲਣ ਲਈ ਪ੍ਰਤੀ ਦਿਨ 300 ਰੁਪਏ ਦਾ ਕਮਿਸ਼ਨ ਦੇਣ ਦੀ ਪੇਸ਼ਕਸ਼ ਕੀਤੀ।
ਪੁਲਿਸ ਨੇ ਸਨਿਚਰਵਾਰ ਨੂੰ ਮੌਰਿਆ ਦੇ ਘਰ ਛਾਪਾ ਮਾਰਿਆ ਅਤੇ 500 ਰੁਪਏ ਦੇ 120 ਨੋਟਾਂ ਸਮੇਤ 60,000 ਰੁਪਏ ਨਕਦ ਬਰਾਮਦ ਕੀਤੇ। ਪੁਲਿਸ ਨੇ ਬਾਵਨੇ ਤੋਂ 2,000 ਰੁਪਏ ਦੇ ਇਕ ਨੋਟ ਅਤੇ 500 ਰੁਪਏ ਦੇ 120 ਨੋਟਾਂ ਸਮੇਤ 62,500 ਰੁਪਏ ਅਤੇ ਬਹੋਰੀਆ ਤੋਂ 500 ਰੁਪਏ ਦੇ 160 ਨੋਟਾਂ ਸਮੇਤ 80,000 ਰੁਪਏ ਬਰਾਮਦ ਕੀਤੇ ਹਨ। ਅਧਿਕਾਰੀ ਨੇ ਦਸਿਆ ਕਿ ਮੁੱਢਲੀ ਜਾਂਚ ਅਨੁਸਾਰ, ਮੁਲਜ਼ਮ ਅਨਿਲ ਜੈਨ ਦੇ ਹੁਕਮਾਂ ’ਤੇ ਕੰਮ ਕਰ ਰਹੇ ਸਨ, ਜਿਸ ਕੋਲ ਕਥਿਤ ਤੌਰ ’ਤੇ ਵੱਡੀ ਮਾਤਰਾ ’ਚ ਪੁਰਾਣੇ ਨੋਟ ਸਨ।