
ਜਾਪਾਨੀ ਕਾਰਟੂਨਾਂ ’ਤੇ ਅਧਾਰਤ ਖ਼ੁਦ ਦੇ ਕਾਰਟੂਨ ਬਣਾਉਣ ਵਾਲਿਆਂ ਦੀ ਭਾਰੀ ਮੰਗ ਕਾਰਨ ਅੱਧਾ ਘੰਟਾ ਬੰਦ ਰਿਹਾ ChatGPT
ਚੰਡੀਗੜ੍ਹ : OpenAI ਦੇ ChatGPT ਨੂੰ ਇਕ ਨਵੀਂ ਵਿਸ਼ੇਸ਼ਤਾ ਪੇਸ਼ ਕਰਨ ਤੋਂ ਬਾਅਦ ਲੋਕਾਂ ਦੀ ਭਾਰੀ ਮੰਗ ਵਿਚਕਾਰ ਸੇਵਾਵਾਂ ਬੰਦ ਕਰਨੀਆਂ ਪਈਆਂ ਹਨ। ChatGPT ਲਈ OpenAI ਦੇ ਤਾਜ਼ਾ ਅਪਡੇਟ ਹੇਠ ਨਵੇਂ ਫ਼ੀਚਰ ਸਟੂਡੀਓ ਜਿਬਲੀ-ਪ੍ਰੇਰਿਤ ਚਿੱਤਰ ਰਚਨਾਵਾਂ ’ਚ ਏਨਾ ਵਾਧਾ ਹੋ ਗਿਆ ਕਿ ਅੱਧੇ ਘੰਟੇ ਤਕ ਸੇਵਾਵਾਂ ਬੰਦ ਰਹੀਆਂ। ਨਵੇਂ ChatGPT-4O ਮਾਡਲ ਵਲੋਂ ਸੰਚਾਲਿਤ ਅਪਗ੍ਰੇਡ, ChatGPT ਨੂੰ ਬਹੁਤ ਵਿਸਥਾਰਤ ਅਤੇ ਸਟੀਕ ਚਿੱਤਰ ਤਿਆਰ ਕਰਨ ਦੀ ਇਜਾਜ਼ਤ ਦਿੰਦਾ ਹੈ, ਜੋ ਇਸ ਦੀਆਂ ਪਿਛਲੀਆਂ DAL-E3-ਅਧਾਰਤ ਸਮਰੱਥਾਵਾਂ ਤੋਂ ਬਹੁਤ ਅੱਗੇ ਹੈ।
OpenAI ਵੱਲੋਂ ChatGPT ਡਾਊਨ ਹੋਣ ਦੀ ਗੱਲ ਮਨਜ਼ੂਰ ਕਰਨ ਦੇ 30 ਮਿੰਟ ਬਾਅਦ, AI ਮੰਚ ਨੇ ਸੂਚਿਤ ਕੀਤਾ, ‘‘ਸਾਰੀਆਂ ਪ੍ਰਭਾਵਤ ਸੇਵਾਵਾਂ ਹੁਣ ਪੂਰੀ ਤਰ੍ਹਾਂ ਠੀਕ ਹੋ ਗਈਆਂ ਹਨ। ਵਿਸਥਾਰਤ ਕਾਰਨ ਅਗਲੇ 5 ਦਿਨਾਂ ’ਚ ਪ੍ਰਕਾਸ਼ਤ ਕੀਤਾ ਜਾਵੇਗਾ।’’ ChatGPT ’ਚ ਸਟੂਡੀਓ ਜਿਬਲੀ-ਸ਼ੈਲੀ ਦੇ ਚਿੱਤਰ ਬਣਾਉਣ ਦੀ ਸ਼ੁਰੂਆਤ ਨੇ ਦੁਨੀਆਂ ਭਰ ਦੇ ਉਪਭੋਗਤਾਵਾਂ ਨੂੰ ਆਕਰਸ਼ਿਤ ਕੀਤਾ ਹੈ, ਜਿਸ ਨਾਲ ਉਹ ਮਸ਼ਹੂਰ ਜਾਪਾਨੀ ਐਨੀਮੇਸ਼ਨ ਸਟੂਡੀਓ ਤੋਂ ਪ੍ਰੇਰਿਤ ਆਮ ਫੋਟੋਆਂ ਨੂੰ ਮਨਮੋਹਕ ਦ੍ਰਿਸ਼ਾਂ ’ਚ ਬਦਲ ਸਕਦੇ ਹਨ।
OpenAI ਨੇ ChatGPT-4O ’ਤੇ ਅਪਡੇਟ ਰਾਹੀਂ ਅਪਣਾ ਸੱਭ ਤੋਂ ਉੱਨਤ ਚਿੱਤਰ ਜਨਰੇਟਰ ਜਾਰੀ ਕੀਤਾ ਹੈ, ਜਿਸ ਨਾਲ ਉਪਭੋਗਤਾ ਮਿਆਜ਼ਾਕੀ ਦੀ ਹੱਥ ਨਾਲ ਬਣਾਈ ਐਨੀਮੇਸ਼ਨ ਸ਼ੈਲੀ ’ਚ ਤਸਵੀਰਾਂ ਤਿਆਰ ਕਰ ਸਕਦੇ ਹਨ ਜੋ ‘ਸਪਿਰਿਟਡ ਅਵੇ’ ਅਤੇ ‘ਦਿ ਬੁਆਏ ਐਂਡ ਦਿ ਹੇਰੋਨ’ ਵਰਗੀਆਂ ਆਸਕਰ ਜੇਤੂ ਫਿਲਮਾਂ ’ਚ ਵਿਖਾਈ ਗਈ ਸੀ।
OpenAI ਸਟਾਰਟਅੱਪ ਦੇ CEO ਸੈਮ ਆਲਟਮੈਨ ਨੇ ਐਤਵਾਰ ਨੂੰ ‘ਐਕਸ’ ’ਤੇ ਪੋਸਟ ਕੀਤਾ ਸੀ, ‘‘ਕੀ ਤੁਸੀਂ ਤਸਵੀਰਾਂ ਬਣਾਉਣਾ ਘੱਟ ਕਰ ਸਕਦੇ ਹੋ, ਇਹ ਪਾਗਲਪਨ ਹੈ, ਸਾਡੀ ਟੀਮ ਨੂੰ ਨੀਂਦ ਦੀ ਜ਼ਰੂਰਤ ਹੈ।’’ ਇਕ ਹੋਰ ਪੋਸਟ ਦਾ ਜਵਾਬ ਦਿੰਦੇ ਹੋਏ ਆਲਟਮੈਨ ਨੇ ਕਿਹਾ, ‘‘ਅਸੀਂ ਲਾਂਚ ਤੋਂ ਬਾਅਦ ਸੌਂਕ ਨਹੀਂ ਸਕ ਰਹੇ ਹਾਂ, ਇਸ ਲਈ ਲੋਕ ਅਜੇ ਵੀ ਸੇਵਾ ਨੂੰ ਜਾਰੀ ਰੱਖਣ ਲਈ ਕੰਮ ਕਰ ਰਹੇ ਹਨ। ਏਨੀ ਜ਼ਿਆਦਾ ਮੰਗ, ਮੈਂ ਪਹਿਲਾਂ ਕਦੇ ਨਹੀਂ ਵੇਖੀ।’’