
ਹੁਣ 7 ਅਕਤੂਬਰ ਤਕ ਜਮ੍ਹਾਂ ਕਰਵਾ ਸਕੋਗੇ 2000 ਦੇ ਨੋਟ ਬੈਂਕਾਂ ’ਚ
ਅਜੇ ਤਕ 96 ਫ਼ੀ ਸਦੀ ਨੋਟ ਵਾਪਸ ਬੈਂਕਾਂ ’ਚ ਪਰਤੇ
ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸ਼ਨਿਚਰਵਾਰ ਨੂੰ ਪ੍ਰਣਾਲੀ ’ਚੋਂ 2,000 ਰੁਪਏ ਦੇ ਬੈਂਕ ਨੋਟ ਵਾਪਸ ਲੈਣ ਦੀ ਵਿਸ਼ੇਸ਼ ਮੁਹਿੰਮ 7 ਅਕਤੂਬਰ ਤਕ ਵਧਾ ਦਿਤੀ ਹੈ।
2,000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦੇ ਆਖਰੀ ਦਿਨ ਜਾਰੀ ਕੀਤੇ ਗਏ ਇਕ ਬਿਆਨ ’ਚ, ਆਰ.ਬੀ.ਆਈ. ਨੇ ਕਿਹਾ ਕਿ ਜਨਤਾ ਨੇ 19 ਮਈ ਤੋਂ 29 ਸਤੰਬਰ ਤਕ ਕੁਲ 3.42 ਲੱਖ ਕਰੋੜ ਰੁਪਏ ਦੇ 2,000 ਰੁਪਏ ਵਾਲੇ ਨੋਟ ਵਾਪਸ ਕੀਤੇ ਹਨ।
ਕੇਂਦਰੀ ਬੈਂਕ ਨੇ ਕਿਹਾ ਕਿ ਹੁਣ ਤਕ ਬਦਲੇ ਗਏ ਨੋਟ ਇਸ ਮੁੱਲ ਵਰਗ ’ਚ ਕੁਲ ਪ੍ਰਚਲਿਤ ਮੁਦਰਾ ਦਾ 96 ਫ਼ੀ ਸਦੀ ਬਣਦੇ ਹਨ।
ਆਰ.ਬੀ.ਆਈ. ਨੇ ਕਿਹਾ ਕਿ 7 ਅਕਤੂਬਰ ਤੋਂ ਬਾਅਦ ਵੀ 2,000 ਰੁਪਏ ਦੇ ਨੋਟ ਜਾਇਜ਼ ਕਰੰਸੀ ਬਣੇ ਰਹਿਣਗੇ, ਪਰ ਇਨ੍ਹਾਂ ਨੂੰ ਸਿਰਫ਼ ਆਰ.ਬੀ.ਆਈ. ਦਫ਼ਤਰਾਂ ’ਚ ਹੀ ਬਦਲਿਆ ਜਾ ਸਕੇਗਾ।