
ਇਹ ਤਾਂ ਆਉਣ ਵਾਲੀਆਂ ਚੀਜ਼ਾਂ ਦਾ ਟ੍ਰੇਲਰ : ਮੋਦੀ
ਨਵੀਂ ਦਿੱਲੀ: ਦੇਸ਼ ਦੀ ਅਰਥਵਿਵਸਥਾ ਦੇ ਚੰਗੇ ਪ੍ਰਦਰਸ਼ਨ ਨਾਲ ਵਿੱਤੀ ਸਾਲ 2023-24 ’ਚ GDP ਵਿਕਾਸ ਦਰ ਵਧ ਕੇ 8.2 ਫੀ ਸਦੀ ਹੋ ਗਈ ਹੈ। ਇਸ ਦੇ ਨਾਲ ਹੀ ਭਾਰਤ ਨੇ ਦੁਨੀਆਂ ਦੀ ਸੱਭ ਤੋਂ ਤੇਜ਼ੀ ਨਾਲ ਵਧਰਹੀ ਅਰਥਵਿਵਸਥਾ ਦੇ ਰੂਪ ’ਚ ਅਪਣੀ ਸਥਿਤੀ ਬਰਕਰਾਰ ਰੱਖੀ ਹੈ।
ਮੌਜੂਦਾ ਚੋਣ ਪ੍ਰਕਿਰਿਆ ਅੰਤਿਮ ਪੜਾਅ ’ਤੇ ਪਹੁੰਚਣ ਵਿਚਕਾਰ ਕੁਲ ਘਰੇਲੂ ਉਤਪਾਦ (GDP) ਨਾਲ ਜੁੜੇ ਅੰਕੜੇ ਸ਼ੁਕਰਵਾਰ ਨੂੰ ਸਾਹਮਣੇ ਆਏ। 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। GDP ਦੇ ਅੰਕੜੇ ਜਾਰੀ ਕਰਦਿਆਂ ਕੌਮੀ ਅੰਕੜਾ ਦਫਤਰ (NSO) ਨੇ ਕਿਹਾ ਕਿ ਜਨਵਰੀ-ਮਾਰਚ ਤਿਮਾਹੀ ਦੌਰਾਨ ਵਿਕਾਸ ਦਰ 7.8 ਫ਼ੀ ਸਦੀ ਰਹੀ, ਜੋ ਪਿਛਲੀਆਂ ਚਾਰ ਤਿਮਾਹੀਆਂ ’ਚ ਸੱਭ ਤੋਂ ਘੱਟ ਹੈ।
NSO ਨੇ ਕਿਹਾ, ‘‘ਪੂਰੇ ਵਿੱਤੀ ਸਾਲ 2023-24 ਲਈ ਅਸਲ GDP ਵਾਧਾ ਦਰ 8.2 ਫ਼ੀ ਸਦੀ ਰਹਿਣ ਦਾ ਅਨੁਮਾਨ ਹੈ, ਜੋ 2022-23 ’ਚ 7 ਫ਼ੀ ਸਦੀ ਸੀ।’’ ਇਸ ਤੇਜ਼ੀ ਦੇ ਕਾਰਨ, ਭਾਰਤੀ ਅਰਥਵਿਵਸਥਾ ਮਾਰਚ 2024 ਦੇ ਅੰਤ ਤਕ 3.5 ਟ੍ਰਿਲੀਅਨ ਡਾਲਰ ਤਕ ਪਹੁੰਚ ਗਈ ਅਤੇ ਅਗਲੇ ਕੁੱਝ ਸਾਲਾਂ ’ਚ ਇਸ ਦੇ 5 ਟ੍ਰਿਲੀਅਨ ਡਾਲਰ ਤਕ ਪਹੁੰਚਣ ਦਾ ਪੜਾਅ ਤਿਆਰ ਹੈ।
ਇਸ ਵਿਕਾਸ ਦਰ ਨੂੰ ਆਉਣ ਵਾਲੀਆਂ ਚੀਜ਼ਾਂ ਦਾ ਟ੍ਰੇਲਰ ਦਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘‘GDP ਵਿਕਾਸ ਦੇ ਅੰਕੜੇ ਸਾਡੀ ਅਰਥਵਿਵਸਥਾ ’ਚ ਮਜ਼ਬੂਤ ਗਤੀ ਦਾ ਸੰਕੇਤ ਦਿੰਦੇ ਹਨ ਜੋ ਹੋਰ ਵਧਣ ਜਾ ਰਹੀ ਹੈ। ਦੇਸ਼ ਦੇ ਮਿਹਨਤੀ ਲੋਕਾਂ ਦੀ ਬਦੌਲਤ ਸਾਲ 2023-24 ਲਈ 8.2 ਫ਼ੀ ਸਦੀ ਦੀ ਵਾਧਾ ਦਰ ਇਸ ਤੱਥ ਦੀ ਉਦਾਹਰਣ ਹੈ ਕਿ ਭਾਰਤ ਵਿਸ਼ਵ ਪੱਧਰ ’ਤੇ ਸੱਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਬਣਿਆ ਹੋਇਆ ਹੈ।’’
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਤੀਜੇ ਕਾਰਜਕਾਲ ’ਚ ਵੀ ਸ਼ਾਨਦਾਰ ਵਿਕਾਸ ਦਰ ਜਾਰੀ ਰਹੇਗੀ। ਅੰਕੜਿਆਂ ਮੁਤਾਬਕ ਜਨਵਰੀ-ਮਾਰਚ 2024 ’ਚ GDP ਵਿਕਾਸ ਦਰ 7.8 ਫੀ ਸਦੀ ਰਹੀ, ਜੋ ਅਕਤੂਬਰ-ਦਸੰਬਰ 2023 ’ਚ 8.6 ਫੀ ਸਦੀ ਸੀ। ਜੁਲਾਈ-ਸਤੰਬਰ 2023 ’ਚ ਇਹ 8.1 ਫੀ ਸਦੀ ਅਤੇ ਅਪ੍ਰੈਲ-ਜੂਨ 2023 ਤਿਮਾਹੀ ’ਚ 8.2 ਫੀ ਸਦੀ ਸੀ।
ਇਸ ਦੇ ਨਾਲ ਹੀ ਵਿੱਤੀ ਸਾਲ 2022-23 ਦੀ ਜਨਵਰੀ-ਮਾਰਚ ਤਿਮਾਹੀ ’ਚ GDP ਵਿਕਾਸ ਦਰ 6.2 ਫੀ ਸਦੀ ਰਹੀ ਸੀ। ਇਸ ਰਫਤਾਰ ਨਾਲ ਭਾਰਤ ਨੇ ਚੀਨ ਨੂੰ ਪਿੱਛੇ ਛੱਡ ਦਿਤਾ ਹੈ। ਇਸ ਸਾਲ ਜਨਵਰੀ-ਮਾਰਚ ਦੌਰਾਨ ਚੀਨ ਦੀ ਅਰਥਵਿਵਸਥਾ 5.3 ਫੀ ਸਦੀ ਦੀ ਦਰ ਨਾਲ ਵਧੀ ਹੈ। ਫ਼ਰਵਰੀ ’ਚ ਜਾਰੀ ਅਪਣੇ ਦੂਜੇ ਅਗਾਊਂ ਅਨੁਮਾਨ ’ਚ ਐੱਨ.ਐੱਸ.ਓ. ਨੇ 2023-24 ਲਈ GDP ਵਾਧਾ ਦਰ 7.7 ਫੀ ਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ।
ਐਨ.ਐਸ.ਓ. ਦੇ ਅੰਕੜਿਆਂ ਅਨੁਸਾਰ ਸਥਿਰ ਕੀਮਤਾਂ ’ਤੇ ਅਸਲ GDP ਜਾਂ ਕੁਲ ਘਰੇਲੂ ਉਤਪਾਦ 2023-24 ’ਚ 173.82 ਲੱਖ ਕਰੋੜ ਰੁਪਏ ਤਕ ਪਹੁੰਚਣ ਦਾ ਅਨੁਮਾਨ ਹੈ। ਵਿੱਤੀ ਸਾਲ 2022-23 ਲਈ GDP ਦਾ ਪਹਿਲਾ ਸੋਧਿਆ ਅਨੁਮਾਨ 160.71 ਲੱਖ ਕਰੋੜ ਰੁਪਏ ਹੈ। ਐਨ.ਐਸ.ਓ. ਦੇ ਅਨੁਸਾਰ, ਮੌਜੂਦਾ ਕੀਮਤਾਂ ’ਤੇ GDP ਵਿੱਤੀ ਸਾਲ 2023-24 ’ਚ 295.36 ਲੱਖ ਕਰੋੜ ਰੁਪਏ ਤਕ ਪਹੁੰਚਣ ਦਾ ਅਨੁਮਾਨ ਹੈ, ਜੋ 2022-23 ’ਚ 269.50 ਲੱਖ ਕਰੋੜ ਰੁਪਏ ਸੀ। ਇਹ 9.6 ਫ਼ੀ ਸਦੀ ਦੀ ਵਿਕਾਸ ਦਰ ਨੂੰ ਦਰਸਾਉਂਦਾ ਹੈ।
ਮਾਰਚ ਤਿਮਾਹੀ ’ਚ ਭਾਰਤ ਦੀ ਅਸਲ GDP 47.24 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 43.84 ਲੱਖ ਕਰੋੜ ਰੁਪਏ ਸੀ। ਇਹ 7.8 ਫ਼ੀ ਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ। ਮੌਜੂਦਾ ਕੀਮਤਾਂ ’ਤੇ GDP ਮਾਰਚ ਤਿਮਾਹੀ ’ਚ 9.9 ਫੀ ਸਦੀ ਵਧ ਕੇ 78.28 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 71.23 ਲੱਖ ਕਰੋੜ ਰੁਪਏ ਸੀ।
ਮਾਰਚ 2024 ਨੂੰ ਸਮਾਪਤ ਵਿੱਤੀ ਸਾਲ 2023-24 ’ਚ ਅਸਲ ਜੀਵੀਏ (ਕੁਲ ਮੁੱਲ ਵਾਧਾ) 158.74 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ, ਜੋ 2022-23 ਲਈ 148.05 ਲੱਖ ਕਰੋੜ ਰੁਪਏ ਦੇ ਪਹਿਲੇ ਸੋਧੇ ਹੋਏ ਅਨੁਮਾਨ ਤੋਂ 7.2 ਫੀ ਸਦੀ ਵੱਧ ਹੈ। ਮਾਰਚ ਤਿਮਾਹੀ ’ਚ ਨਿਰਮਾਣ ਖੇਤਰ ’ਚ ਜੀ.ਵੀ.ਏ. ਵਾਧਾ ਵਧ ਕੇ 8.9 ਫੀ ਸਦੀ ਹੋ ਗਿਆ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 0.9 ਫੀ ਸਦੀ ਸੀ।
ਚੌਥੀ ਤਿਮਾਹੀ ’ਚ ਮਾਈਨਿੰਗ ਸੈਕਟਰ ’ਚ ਜੀਵੀਏ ਵਾਧਾ ਦਰ 4.3 ਫੀ ਸਦੀ ਰਹੀ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 2.9 ਫੀ ਸਦੀ ਸੀ। ਇਸ ਤਿਮਾਹੀ ਦੌਰਾਨ ਨਿਰਮਾਣ ਖੇਤਰ ਦੀ ਵਾਧਾ ਦਰ 8.7 ਫੀ ਸਦੀ ਰਹੀ, ਜੋ 2022-23 ਦੀ ਇਸੇ ਮਿਆਦ ’ਚ 7.4 ਫੀ ਸਦੀ ਸੀ। ਇਸ ਦੌਰਾਨ ਖੇਤੀਬਾੜੀ ਖੇਤਰ ਦੀ ਵਿਕਾਸ ਦਰ ਇਕ ਸਾਲ ਪਹਿਲਾਂ ਦੇ 7.6 ਫੀ ਸਦੀ ਤੋਂ ਘਟ ਕੇ 0.6 ਫੀ ਸਦੀ ਰਹਿ ਗਈ।
ਬਿਜਲੀ, ਗੈਸ, ਜਲ ਸਪਲਾਈ ਅਤੇ ਹੋਰ ਲੋਕ-ਅਧਾਰਤ ਸੇਵਾਵਾਂ ਖੇਤਰਾਂ ਦੀ ਵਾਧਾ ਦਰ ਚੌਥੀ ਤਿਮਾਹੀ ’ਚ 7.7 ਫੀ ਸਦੀ ਰਹੀ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 7.3 ਫੀ ਸਦੀ ਸੀ। ਸੇਵਾਵਾਂ ਦੇ ਖੇਤਰ- ਵਪਾਰ, ਹੋਟਲ, ਆਵਾਜਾਈ, ਸੰਚਾਰ ਅਤੇ ਪ੍ਰਸਾਰਣ ਨਾਲ ਜੁੜੀਆਂ ਸੇਵਾਵਾਂ ’ਚ ਜੀਵੀਏ ਚੌਥੀ ਤਿਮਾਹੀ ’ਚ 5.1 ਫੀ ਸਦੀ ਵਧਿਆ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 7 ਫੀ ਸਦੀ ਸੀ।
ਵਿੱਤੀ, ਰੀਅਲ ਅਸਟੇਟ ਅਤੇ ਪੇਸ਼ੇਵਰ ਸੇਵਾਵਾਂ ਦੀ ਵਾਧਾ ਦਰ ਮਾਰਚ ਤਿਮਾਹੀ ’ਚ 7.6 ਫੀ ਸਦੀ ਰਹੀ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 9.2 ਫੀ ਸਦੀ ਸੀ। ਜਨਤਕ ਪ੍ਰਸ਼ਾਸਨ, ਰੱਖਿਆ ਅਤੇ ਹੋਰ ਸੇਵਾਵਾਂ ਦੀ ਵਾਧਾ ਦਰ ਪਿਛਲੀ ਤਿਮਾਹੀ ’ਚ 7.8 ਫੀ ਸਦੀ ਰਹੀ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 4.7 ਫੀ ਸਦੀ ਸੀ।