ਸਾਲ ਦੌਰਾਨ ਦੋਵੇਂ ਕੀਮਤੀ ਧਾਤਾਂ ਨੇ 2025 ਦੌਰਾਨ ਕੀਮਤਾਂ ਵਿਚ ਸ਼ਾਨਦਾਰ ਵਾਧਾ ਦਰਜ ਕੀਤਾ
ਨਵੀਂ ਦਿੱਲੀ : ਸਾਲ ਦੇ ਆਖਰੀ ਕਾਰੋਬਾਰੀ ਦਿਨ ਮੌਕੇ ਕਮਜ਼ੋਰ ਆਲਮੀ ਰੁਝਾਨਾਂ ਅਤੇ ਅਮਰੀਕੀ ਡਾਲਰ ਦੀ ਮਜ਼ਬੂਤ ਕੀਮਤ ਦਾਰਨ ਕੌਮੀ ਰਾਜਧਾਨੀ ’ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਆਈ ਹੈ। ਹਾਲਾਂਕਿ ਸਾਲ ਦੌਰਾਨ ਦੋਵੇਂ ਕੀਮਤੀ ਧਾਤਾਂ ਨੇ 2025 ਦੌਰਾਨ ਕੀਮਤਾਂ ਵਿਚ ਸ਼ਾਨਦਾਰ ਵਾਧਾ ਦਰਜ ਕੀਤਾ ਹੈ।
ਕੁਲ ਭਾਰਤੀ ਸਰਾਫਾ ਐਸੋਸੀਏਸ਼ਨ ਮੁਤਾਬਕ 99.9 ਫੀ ਸਦੀ ਸ਼ੁੱਧਤਾ ਵਾਲੇ ਸੋਨੇ ਦੀਆਂ ਕੀਮਤਾਂ ਲਗਾਤਾਰ ਤੀਜੇ ਦਿਨ 1,300 ਰੁਪਏ ਦੀ ਗਿਰਾਵਟ ਨਾਲ 1,37,700 ਰੁਪਏ ਪ੍ਰਤੀ 10 ਗ੍ਰਾਮ ਉਤੇ ਆ ਗਈਆਂ। ਕੈਲੰਡਰ ਸਾਲ ਦੇ ਆਖਰੀ ਕਾਰੋਬਾਰੀ ਦਿਨ ਉਤੇ ਗਿਰਾਵਟ ਦੇ ਬਾਵਜੂਦ, ਸੋਨੇ ਦੀਆਂ ਕੀਮਤਾਂ ਨੇ 2025 ਵਿਚ ਇਕ ਬੇਮਿਸਾਲ ਵਾਧਾ ਦਰਜ ਕੀਤਾ ਹੈ। 1 ਜਨਵਰੀ ਨੂੰ ਸੋਨੇ ਦੀ ਕੀਮਤ 79,390 ਰੁਪਏ ਪ੍ਰਤੀ 10 ਗ੍ਰਾਮ ਤੋਂ 73.45 ਫ਼ੀ ਸਦੀ ਜਾਂ 58,310 ਰੁਪਏ ਵਧ ਗਈ ਹੈ।
ਚਾਂਦੀ ਦੀਆਂ ਕੀਮਤਾਂ ਵਿਚ ਵੀ ਕਮੀ ਆਈ। ਛੇ ਦਿਨਾਂ ਦੇ ਰੀਕਾਰਡ ਤੋੜ ਵਾਧੇ ’ਤੇ ਰੋਕ ਲਾਉਂਦਿਆਂ ਕੀਮਤਾਂ 2,000 ਰੁਪਏ ਘਟ ਕੇ 2,39,000 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ਹੋ ਗਈ। ਸਾਲਾਨਾ ਆਧਾਰ ਉਤੇ, ਚਾਂਦੀ ਨੇ ਲਗਭਗ 164 ਫ਼ੀ ਸਦੀ ਦਾ ਮਜ਼ਬੂਤ ਰਿਟਰਨ ਦੇ ਕੇ ਸੋਨੇ ਨੂੰ ਵੀ ਪਛਾੜ ਦਿਤਾ ਹੈ। ਚਿੱਟੀ ਕੀਮਤੀ ਧਾਤੂ ਦੀਆਂ ਕੀਮਤਾਂ ਵਿਚ 1,48,500 ਰੁਪਏ ਦਾ ਵਾਧਾ ਹੋਇਆ ਹੈ, ਜੋ ਸਾਲ ਦੀ ਸ਼ੁਰੂਆਤ ਵਿਚ 90,500 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
