
ਅਮਰੀਕਾ ਨੂੰ ਪਛਾੜਨ ਲਈ ਤਿਆਰ ਹੈ ਭਾਰਤ ਨਵੀਂ ਦਿੱਲੀ, 25 ਦਸੰਬਰ: 4ਜੀ ਤਕਨੀਕ ਨੇ ਬੀਤੇ ਸਾਲ ਦੇਸ਼ ਦੇ ਮੋਬਾਈਲ, ਟੈਬਲੇਟ ਤੋਂ ਲੈ ਕੇ ਡਾਟਾਬੇਸ ਵਰਗੀਆਂ ਕੰਪਨੀਆਂ ਅਤੇ ਟੈਲੀਫ਼ੋਨੀ ਨਾਲ ਜੁੜੇ ਉਤਪਾਦਾਂ ਦੇ ਬਾਜ਼ਾਰਾਂ ਦੀ ਦਿਸ਼ਾ ਤੇ ਦਸ਼ਾ ਬਦਲ ਦਿਤੀ। ਅੱਜ ਦੇਸ਼ 'ਚ ਵਿਕਣ ਵਾਲੇ ਲਗਭਗ 95 ਫ਼ੀ ਸਦੀ ਸਮਾਰਟ ਫ਼ੋਨ 4ਜੀ ਹਨ ਤਾਂ ਡਾਟਾ ਕਾਰਡ ਜਾਂ ਡੌਂਗਲ ਬਾਜ਼ਾਰ 'ਚ ਇਸ ਦਾ ਹਿੱਸਾ 99 ਫ਼ੀ ਸਦੀ ਹੈ। ਕੰਪਨੀਆਂ ਵੀ ਸਵੀਕਾਰ ਕਰਦੀਆਂ ਹਨ ਕਿ 4ਜੀ ਨੇ ਇਸ ਬਾਜ਼ਾਰ ਦੀ ਚਾਲ ਢਾਲ ਬਦਲ ਕੇ ਰੱਖ ਦਿਤੀ ਹੈ ਅਤੇ ਨਵੇਂ ਸਾਲ 'ਚ ਇਸ ਦਾ ਅਸਰ ਹੋਰ ਵਧੇਗਾ ਅਤੇ ਉ ਦਿਨ ਦੂਰ ਨਹੀਂ ਜਦੋਂ ਭਾਰਤ 4ਜੀ ਸਮਾਰਟ ਫ਼ੋਨ ਦੇ ਲਿਹਾਜ ਨਾਲ ਅਮਰੀਕਾ ਨੂੰ ਪਛਾੜ ਦੇਵੇਗਾ।
ਭਾਰਤ 'ਚ 4ਜੀ ਦੀ ਵਧਦੀ ਵਰਤੋਂ ਦੇ ਚਲਦਿਆਂ ਪੈਨਾਸੋਨਿਕ ਨੇ 2ਜੀ/3ਜੀ ਮੋਬਾਈਲ ਬਣਾਉਣ ਬੰਦ ਕਰ ਦਿਤਾ ਹੈ। ਪੈਨਾਸੋਨਿਕ ਇੰਡੀਆ ਦੇ ਵਪਾਰ ਮੁਖੀ (ਮੋਬਿਲਿਟੀ) ਪੰਕਜ ਰਾਣਾ ਨੇ ਕਿਹਾ ਕਿ ਅਸਲ 'ਚ ਅਸੀਂ ਪੂਰੀ ਤਰ੍ਹਾਂ 4ਜੀ ਡਿਵਾਇਸ ਬਣਾਉਣ 'ਤੇ ਆ ਗਏ ਹਾਂ। ਉਨ੍ਹਾਂ ਕਿਹਾ ਕਿ ਬੇਸ਼ਕ ਸੰਸਥਾਪਕ ਸਮਰਥਾ ਦਾ ਅੱਧਾ ਹਿੱਸਾ ਅਜੇ ਵੀ 2ਜੀ/3ਜੀ ਵਾਲਾ ਹੋਵੇ ਪਰ ਭਾਰਤ 'ਚ 4ਜੀ ਨੂੰ ਤੇਜੀ ਨਾਲ ਅਪਣਾਏ ਜਾਣ ਦੀ ਉਮੀਦ ਹੈ।ਰਾਣਾ ਨੇ ਕਿਹਾ ਕਿ ਬੀਤੀ ਤਿਮਾਹੀ 'ਚ ਸਮਾਰਟਫ਼ੋਨ ਵਿਕਰੀ 'ਚ 95 ਫ਼ੀ ਸਦੀ ਹਿੱਸਾ 4ਜੀ ਵਾਲੇ ਹੈਂਡਸੈੱਟਾਂ ਦਾ ਰਿਹਾ ਅਤੇ ਭਾਰਤ ਜਲਦੀ ਹੀ 4ਜੀ ਹੈਂਡਸੈੱਟ ਦੇ ਦੂਜੇ ਸੱਭ ਤੋਂ ਵੱਡੇ ਬਾਜ਼ਾਰ ਦੇ ਰੂਪ 'ਚ ਅਮਰੀਕਾ ਨੂੰ ਪਛਾੜ ਦੇਵੇਗਾ। ਦੂਰਸੰਚਾਰ ਸੇਵਾਵਾਂ ਦੀ ਇਸ ਚੌਥੀ ਪੀੜ੍ਹੀ ਦੀ ਨਵੀਂ ਤਕਨਾਲੋਜੀ ਨੇ ਬੀਤੇ ਸਾਲ 'ਚ ਤਾਂ ਕਮਾਲ ਕਰ ਦਿਤੀ। ਰਿਲਾਇੰਸ ਜੀਓ ਦੀਆਂ 4ਜੀ ਸੇਵਾਵਾਂ ਤੋਂ ਬਾਅਦ ਸੱਭ ਵੱਡੀਆਂ ਕੰਪਨੀਆਂ ਇਨ੍ਹਾਂ ਸੇਵਾਵਾਂ 'ਤੇ ਧਿਆਨ ਦੇ ਰਹੀਆਂ ਹਨ। ਡਾਟਾ ਹੀ ਨਹੀਂ, ਅਜਿਹੀਆਂ ਤਕਨੀਕਾਂ ਵਾਲੇ ਹੋਰ ਡਿਵਾਇਸ ਵੀ ਸਸਤੇ ਹੋਏ ਹਨ। ਸੀ.ਐਮ.ਆਰ. ਦੀ ਇਕ ਰੀਪੋਰਟ ਅਨੁਸਾਰ 2017 ਦੀ ਤੀਜੀ ਤਿਮਾਹੀ 'ਚ ਦੇਸ਼ 'ਚ ਵਿਕੇ ਡਾਟਾ ਕਾਰਡ ਡੌਂਗਲ 'ਚ 99 ਫ਼ੀ ਸਦੀ 4ਜੀ ਤਕਨੀਕ ਵਾਲੇ ਸਨ, ਜਦੋਂ ਕਿ ਇਕ ਫ਼ੀ ਸਦੀ 3ਜੀ ਵਾਲੇ ਸਨ। (ਏਜੰਸੀ)