
ਨਵੀਂ ਦਿੱਲੀ, 12 ਜਨਵਰੀ: ਦੇਸ਼ ਦੇ ਕੁਝ ਹਿੱਸਿਆਂ 'ਚ ਪਿਆਜ਼ ਦੀਆਂ ਖ਼ੁਦਰਾ ਕੀਮਤਾਂ 50 ਤੋਂ 60 ਰੁਪਏ ਕਿਲੋ ਹੋ ਗਈਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਮੰਗ-ਪੂਰਤੀ 'ਚ ਮੌਜੂਦਾ ਅੰਤਰ ਕਾਰਨ ਹੈ ਅਤੇ ਖ਼ਰੀਫ਼ ਦਾ ਪਿਆਜ਼ ਆਉਣ ਨਾਲ ਮਹੀਨੇ ਦੇ ਅੰਤ ਤਕ ਇਸ ਦੀਆਂ ਕੀਮਤਾਂ ਘੱਟ ਹੋ ਜਾਣਗੀਆਂ।
ਦਿੱਲੀ, ਮੁੰਬਈ ਅਤੇ ਕਲਕੱਤਾ 'ਚ ਪਿਆਜ਼ 50 ਰੁਪਏ ਕਿਲੋਂ ਦੇ ਆਸ-ਪਾਸ ਚੱਲ ਰਿਹਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਚੇਨੱਈ 'ਚ ਕੀਮਤ 45 ਰੁਪਏ ਹੈ। ਛੋਟੇ ਕਸਬਿਆਂ 'ਚ ਵੀ ਪਿਆਜ਼ ਦਾ ਇਹੀ ਮਿਜਾਜ਼ ਹੈ।
ਖੇਤੀ ਸਕੱਤਰ ਐਸ.ਕੇ. ਪਟਨਾਇਕ ਨੇ ਦਸਿਆ ਕਿ ਇਹ ਥੋੜ੍ਹੇ ਸਮੇਂ ਦਾ ਮਾਮਲਾ ਹੈ। ਵਪਾਰੀ ਪੂਰਤੀ 'ਚ ਥੋੜ੍ਹੇ ਸਮੇਂ ਦੀ ਘਾਟ ਦਾ ਲਾਹਾ ਲੈ ਰਹੇ ਹਨ, ਪਰ ਬੁਨਿਆਦ ਮਜਬੂਤ ਹੈ। ਉਨ੍ਹਾਂ ਕਿਹਾ ਕਿ ਫ਼ਸਲ ਸਾਲ 2017-18 (ਜੁਲਾਈ ਤੋਂ ਜੂਨ) 'ਚ ਪਿਆਜ਼ ਪੈਦਾਵਾਰ ਕੁਝ ਸਮਾਂ ਹੋਣ ਦਾ ਅਨੁਮਾਨ ਹੈ ਪਰ ਪਿਆਜ਼ ਦਾ ਕੁਲ ਉਤਪਾਦ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਫ਼ੀ ਹੈ। (ਏਜੰਸੀ)