
ਮੁੰਬਈ, 21 ਨਵੰਬਰ: ਭਾਜਪਾ ਆਗੂਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਲਈ ਰੱਬ ਦਾ ਤੋਹਫ਼ਾ ਦੱਸਣ 'ਤੇ ਟਿਪਣੀ ਕਰਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਰੱਬ ਤਾਂ ਭਾਰਤ ਦੇ ਲੋਕ ਸਨ ਜਿਨ੍ਹਾਂ ਨੂੰ ਸਰਕਾਰ ਨੇ ਨੋਟਬੰਦੀ ਤੋਂ ਬਾਅਦ ਭਿਖਾਰੀ ਬਣਾ ਦਿਤਾ।ਪਾਰਟੀ ਦੀ ਅਖ਼ਬਾਰ ਵਿਚ ਛਪੇ ਅਪਣੇ ਸੰਪਾਦਕੀ ਵਿਚ ਸ਼ਿਵ ਸੈਨਾ ਨੇ ਕਿਹਾ ਕਿ ਕਈ ਲੋਕਾਂ ਲਈ ਬਰਤਾਨਵੀ ਰਾਜ ਬਹੁਤ ਵਧੀਆ ਸੀ ਪਰ ਬਰਤਾਨਵੀ ਰਾਜ ਰੱਬ ਵਲੋਂ ਦਿਤਾ ਗਿਆ ਤੋਹਫ਼ਾ ਨਹੀਂ ਸੀ ਕਿਉਂਕਿ ਬਰਤਾਨਵੀਆਂ ਨੇ ਸਿਰਫ਼ ਭਾਰਤ ਦੇ ਲੋਕਾਂ 'ਤੇ
ਰਾਜ ਕੀਤਾ ਅਤੇ ਲੁਟਿਆ ਸੀ। ਸ਼ਿਵ ਸੈਨਾ ਨੇ ਕਿਹਾ ਕਿ ਬਰਤਾਨਵੀਆਂ ਨੇ ਭਾਰਤ ਵਿਚ ਵੰਡੋ ਤੇ ਰਾਜ ਕਰੋ ਦੀ ਨੀਤੀ ਨਾਲ ਹੀ 150 ਸਾਲ ਰਾਜ ਕੀਤਾ ਅਤੇ ਜਿਹੜੇ ਲੋਕ ਮੰਨਦੇ ਹਨ ਕਿ ਮੌਜੂਦਾ ਸਮੇਂ ਵਿਚ ਭਾਰਤ 'ਤੇ ਹੋ ਰਿਹਾ ਰਾਜ ਰੱਬ ਦਾ ਤੋਹਫ਼ਾ ਹੈ, ਉਨ੍ਹਾਂ ਲੋਕਾਂ ਨੂੰ ਰੱਬ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ। ਸ਼ਿਵ ਸੈਨਾ ਨੇ ਕਿਹਾ ਕਿ ਲੋਕ ਰੱਬ ਹਨ ਪਰ ਨੋਟਬੰਦੀ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨੂੰ ਭਿਖਾਰੀ ਬਣਾ ਦਿਤਾ ਹੈ। ਹਰ ਮੁੱਦੇ 'ਤੇ ਅਪਣੀ ਪਿੱਠ ਥਾਪੜਨ ਵਾਲੇ ਮੋਦੀ ਅਤੇ ਫੜਨਵੀਸ ਸਰਕਾਰਾਂ ਕੀ ਵਿਦਰਭਾ ਵਿਚ ਨੌਕਰੀਆਂ ਜਾਣ ਦੀ ਜ਼ਿੰਮੇਵਾਰੀ ਵੀ ਲੈਣਗੀਆਂ? ਜੇ ਵਿਦਰਭਾ ਦੇ ਬੇਰੁਜ਼ਗਾਰ ਨੌਜਵਾਨ ਨਕਸਲਵਾਦੀਆਂ ਵਿਚ ਸ਼ਾਮਲ ਹੋ ਗਏ ਤਾਂ ਕੌਣ ਜ਼ਿੰਮੇਵਾਰੀ ਲਵੇਗਾ? (ਪੀ.ਟੀ.ਆਈ.)