
ਮੁੰਬਈ, 30 ਨਵੰਬਰ: ਸ਼ੇਅਰ ਬਾਜ਼ਾਰ 'ਚ ਅੱਜ ਭਾਰੀ ਉਠਕ-ਬੈਠਕ ਰਹੀ ਅਤੇ ਸੈਂਸੈਕਸ 'ਚ ਇਕ ਦਿਨ ਦੇ ਸੈਸ਼ਨ 'ਚ ਸਾਲ ਦੀ ਸੱਭ ਤੋਂ ਵੱਡੀ ਗਿਰਾਵਟ ਵੇਖੀ ਗਈ। ਵਿੱਤੀ ਘਾਟਾ ਵਧਣ ਦੀਆਂ ਚਿੰਤਾਵਾਂ ਨੂੰ ਇਸ ਪਿੱਛੇ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ। ਇਸ ਨਾਲ ਬਾਜ਼ਾਰ 'ਚ ਵੱਡੇ ਪੱਧਰ 'ਤੇ ਵਿਕਰੀ ਦਾ ਦੌਰ ਸ਼ੁਰੂ ਹੋ ਗਿਆ।ਬੀ.ਐਸ.ਈ. ਸੈਂਸੈਕਸ 453 ਅੰਕ ਡਿੱਗ ਕੇ 33,149.35 ਅੰਕ 'ਤੇ ਬੰਦ ਹੋਇਆ। ਨਿਫ਼ਟੀ ਅੱਜ 10,300 ਅੰਕ ਦੇ ਪੱਧਰ ਤੋਂ ਹੇਠਾਂ ਬੰਦ ਹੋਇਆ। ਇਸ ਗਿਰਾਵਟ ਨਾਲ ਬੀ.ਐਸ.ਈ. 'ਤੇ ਸੂਚੀਬੱਧ ਕੰਪਨੀਆਂ ਦੇ ਨਿਵੇਸ਼ਕਾਂ ਦੀ ਬਾਜ਼ਾਰ ਪੂੰਜੀਕਰਨ ਰਕਮ 1.06 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਘੱਟ ਗਈ।
ਸਰਕਾਰੀ ਅੰਕੜੇ ਦਸਦੇ ਹਨ ਕਿ ਦੇਸ਼ ਦਾ ਵਿੱਤੀ ਘਾਟਾ ਅਕਤੂਬਰ ਦੇ ਆਖ਼ਰ ਤਕ 2017-18 ਦੇ ਪੂਰੇ ਸਾਲ ਦੇ ਬਜਟ ਅੰਦਾਜ਼ੇ ਦੇ ਸਾਹਮਣੇ 96.1 ਫ਼ੀ ਸਦੀ ਤਕ ਪੁੱਜ ਚੁੱਕਾ ਹੈ। ਇਸ ਦਾ ਕਾਰਨ ਖ਼ਜ਼ਾਨਾ ਘੱਟ ਇਕੱਠਾ ਹੋਣਾ ਅਤੇ ਖ਼ਰਚੇ ਦਾ ਵਧਣਾ ਹੈ। ਦੂਜੀ ਤਿਮਾਹੀ ਦੇ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) 'ਚ ਵਾਧਾ ਦਰ ਦੇ ਅੰਕੜੇ ਜਾਰੀ ਹੋਣ ਤੋਂ ਪਹਿਲਾਂ ਨਿਵੇਸ਼ਕਾਂ ਨੇ ਵੀ ਅੱਜ ਅਪਣੀ ਸਥਿਤੀ ਨੂੰ ਕਮਜ਼ੋਰ ਕਰੀ ਰਖਿਆ।
ਨਵੰਬਰ 2015 ਤੋਂ ਬਾਅਦ ਕਿਸੇ ਇਕ ਸੈਸ਼ਨ 'ਚ ਸੈਂਸੈਕਸ 'ਚ ਇਹ ਸੱਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਉਦੋਂ ਇਹ 514.19 ਅੰਕ ਡਿਗਿਆ ਸੀ।
(ਪੀਟੀਆਈ)