
ਫਰਵਰੀ ਮਹੀਨੇ ਵਿਚ ਹੋਈ ਕੁੱਲ 57.2 ਮਿਲੀਮੀਟਰ ਬਾਰਸ਼
Chandigarh Rain News: ਚੰਡੀਗੜ੍ਹ ਵਿਚ ਇਸ ਸਾਲ ਫਰਵਰੀ ਮਹੀਨੇ ਵਿਚ ਕੁੱਲ 57.2 ਮਿਲੀਮੀਟਰ ਬਾਰਸ਼ ਹੋਈ, ਜਦਕਿ ਫਰਵਰੀ 2023 ਵਿਚ ਬਿਲਕੁਲ ਬਾਰਸ਼ ਨਹੀਂ ਹੋਈ ਸੀ। ਇਸ ਦੇ ਨਾਲ ਹੀ ਇਹ ਫਰਵਰੀ 2013 ਤੋਂ ਬਾਅਦ ਸੱਭ ਤੋਂ ਬਰਸਾਤ ਵਾਲਾ ਮਹਿਨਾ ਬਣ ਗਿਆ ਹੈ।
ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਅਨੁਸਾਰ, ਫਰਵਰੀ 2013 ਵਿਚ 85.8 ਮਿਲੀਮੀਟਰ ਤੋਂ ਬਾਅਦ ਸੱਭ ਤੋਂ ਵੱਧ ਬਾਰਸ਼ 57.2 ਮਿਲੀਮੀਟਰ ਹੋਈ ਅਤੇ ਇਹ ਆਮ 33 ਮਿਲੀਮੀਟਰ ਨਾਲੋਂ 73٪ ਵੱਧ ਹੈ। ਫਰਵਰੀ ਵਿਚ ਹੁਣ ਤਕ ਸੱਭ ਤੋਂ ਵੱਧ ਬਰਸਾਤ 2007 ਵਿਚ 164.7 ਮਿਲੀਮੀਟਰ ਦਰਜ ਕੀਤੀ ਗਈ ਹੈ।
ਇਸ ਬਾਰੇ ਗੱਲ ਕਰਦਿਆਂ, ਆਈਐਮਡੀ ਚੰਡੀਗੜ੍ਹ ਦੇ ਡਾਇਰੈਕਟਰ ਏਕੇ ਸਿੰਘ ਨੇ ਕਿਹਾ, “ਫਰਵਰੀ ਦੀ ਸ਼ੁਰੂਆਤ ਸਰਗਰਮ ਪੱਛਮੀ ਗੜਬੜ ਨਾਲ ਹੋਈ, ਜਿਸ ਕਾਰਨ ਜ਼ਿਆਦਾਤਰ ਬਾਰਸ਼ ਹੋਈ। ਬਾਅਦ ਵਿਚ ਵੀ ਪੱਛਮੀ ਗੜਬੜੀ ਦਾ ਪ੍ਰਭਾਵ ਜਾਰੀ ਰਿਹਾ। ਫਰਵਰੀ ਵਿਚ ਮੀਂਹ ਜ਼ਿਆਦਾਤਰ ਪੱਛਮੀ ਗੜਬੜੀ 'ਤੇ ਨਿਰਭਰ ਕਰਦਾ ਹੈ।"
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਮਾਰਚ ਮਹੀਨੇ ਦੀ ਸ਼ੁਰੂਆਤ ਵੀ ਇਸੇ ਤਰ੍ਹਾਂ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵਲੋਂ 1 ਮਾਰਚ ਲਈ ਯੈਲੋ ਅਲਰਟ ਅਤੇ 2 ਮਾਰਚ ਲਈ ਆਰੇਂਜ ਅਲਰਟ ਵੀ ਜਾਰੀ ਕੀਤਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਤੇਜ਼ ਹਵਾਵਾਂ, ਬਿਜਲੀ ਡਿੱਗਣ ਅਤੇ ਗੜੇਮਾਰੀ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਤੋਂ ਬਾਅਦ 5 ਮਾਰਚ ਨੂੰ ਮੁੜ ਪੱਛਮੀ ਗੜਬੜੀ ਸਰਗਰਮ ਹੋਣ ਦੀ ਸੰਭਾਵਨਾ ਹੈ।
ਆਈਐਮਡੀ ਦੇ ਅੰਕੜਿਆਂ ਅਨੁਸਾਰ ਇਸ ਸਾਲ ਫਰਵਰੀ ਵਿਚ ਔਸਤਨ ਵੱਧ ਤੋਂ ਵੱਧ ਅਤੇ ਘੱਟੋ ਘੱਟ ਤਾਪਮਾਨ ਪਿਛਲੇ ਸਾਲ ਨਾਲੋਂ ਘੱਟ ਸੀ। ਇਸ ਸਾਲ, ਔਸਤਨ ਵੱਧ ਤੋਂ ਵੱਧ ਅਤੇ ਘੱਟੋ ਘੱਟ ਤਾਪਮਾਨ ਕ੍ਰਮਵਾਰ 21.8 ਡਿਗਰੀ ਸੈਲਸੀਅਸ ਅਤੇ 9.7 ਡਿਗਰੀ ਸੈਲਸੀਅਸ ਸੀ, ਜਦਕਿ 2023 ਵਿਚ, ਇਹ ਕ੍ਰਮਵਾਰ 25.9 ਡਿਗਰੀ ਸੈਲਸੀਅਸ ਅਤੇ 11.5 ਡਿਗਰੀ ਸੈਲਸੀਅਸ ਸੀ।
(For more Punjabi news apart from Chandigarh Weather Update February Rainfall Data News in Punjabi, stay tuned to Rozana Spokesman)