
Punjab Vidhan Sabh: ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ ਵਲੋਂ 3 ਸਤੰਬਰ ਨੂੰ ਘੇਰਨ ਦਾ ਐਲਾਨ, ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਲਿਸਟ ਵਿਚ ਸਾਬਕਾ ਸਪੀਕਰ ਸੁਰਜੀਤ ਮਿਨਹਾਸ
The 7th session of the Punjab Vidhan Sabha will begin tomorrow: ਪੰਜਾਬ ਵਿਧਾਨ ਸਭਾ ਦੇ ਪਿਛਲੇ ਇਜਲਾਸ ਯਾਨੀ ਬਜਟ ਸੈਸ਼ਨ ਦੀ ਆਖ਼ਰੀ ਬੈਠਕ 12 ਮਾਰਚ ਨੂੰ ਉਠਾਉਣ ਮਗਰੋਂ 6 ਮਹੀਨੇ ਦਾ ਵਕਫ਼ਾ ਪੂਰਾ ਕਰਨ ਤੋਂ ਪਹਿਲਾਂ ਸੰਵਿਧਾਨਕ ਲੋੜ ਪੂਰੀ ਕਰਨ ਲਈ ਸਰਕਾਰ ਨੇ ਇਹ ਸੱਤਵਾ ਇਜਲਾਸ ਬੁਲਾਇਆ ਹੈ। ਸੋਮਵਾਰ ਨੂੰ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਣ ਵਾਲੇ 3 ਦਿਨਾਂ ਸੈਸ਼ਨ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਦਿਤੀਆਂ ਜਾਣਗੀਆਂ।
ਇਸ ਲਿਸਟ ਵਿਚ ਅਕਾਲੀ ਸ. ਸੁਰਜੀਤ ਸਿੰਘ ਬਰਨਾਲਾ, ਸਰਕਾਰ ਵੇਲੇ ਸਪੀਕਰ ਰਹੇ ਸ. ਸੁਰਜੀਤ ਸਿੰਘ ਮਿਨਹਾਸ ਤੋਂ ਇਲਾਵਾ 1997 ਵਿਚ ਵਿਧਾਇਕ ਬਣੇ ਸੁਰਜੀਤ ਸਿੰਘ ਕੋਹਲੀ, ਜੋ ਬਾਦਲ ਸਰਕਾਰ ਵੇਲੇ ਰਾਜ ਮੰਤਰੀ ਵੀ ਰਹੇ, ਦਾ ਨਾਮ ਸ਼ਾਮਲ ਹੈ। ਸਾਬਕਾ ਵਿਧਾਇਕ ਤੇ ਮੰਤਰੀ ਧਨਵੰਤ ਸਿੰਘ ਧੂਰੀ, ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਕਮਲ ਚੌਧਰੀ, ਰਾਜ ਸਭਾ ਐਮ.ਪੀ. ਬੀਬੀ ਗੁਰਚਰਨ ਕੌਰ, ਬਠਿੰਡਾ ਤੋਂ ਵਿਧਾਇਕ ਤੇ ਮੰਤਰੀ ਰਹੇ ਸੁਖਦੇਵ ਸਿੰਘ ਢਿੱਲੋਂ ਤੇ ਇਕ ਦੋ ਹੋਰ ਸ਼ਖ਼ਸੀਅਤਾਂ ਜੋ ਪਿਛਲੇ ਸੈਸ਼ਨ ਤੋਂ ਬਾਅਦ ਅਕਾਲ ਚਲਾਣਾ ਕਰ ਗਏ, ਨੂੰ ਵੀ ਸਦਨ ਸ਼ਰਧਾਂਜਲੀਆਂ ਅਰਪਿਤ ਕਰੇਗਾ। ਵਿਧਾਨ ਸਭਾ ਸਕੱਤਰ ਰਾਮ ਲੋਕ ਖਟਾਣਾ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਪਹਿਲੇ ਦਿਨ ਦੀ ਬੈਠਕ ਕੇਵਲ ਅੱਧਾ ਘੰਟਾ ਚਲੇਗੀ ਅਤੇ ਸਪੀਕਰ ਦੁਆਰਾ ਸ਼ਰਧਾਂਜਲੀਆਂ ਅਰਪਿਤ ਕਰਨ ਮਗਰੋਂ ਉਠਾ ਦਿਤੀ ਜਾਵੇਗੀ ਜਦੋਂ ਕਿ ਅਗਲੇ 2 ਦਿਨ ਮੰਗਲਵਾਰ ਅਤੇ ਬੁੱਧਵਾਰ ਇਕ ਦੋ ਤਰਮੀਮੀ ਬਿਲ ਪ੍ਰਵਾਨ ਕਰਨ ਉਪਰੰਤ ਅਣਮਿਥੇ ਸਮੇਂ ਲਈ ਇਸ ਛੋਟੇ ਇਜਲਾਸ ਨੂੰ ਉਠਾ ਦਿਤਾ ਜਾਵੇਗਾ।
ਕਿਸਾਨ ਜਥੇਬੰਦੀਆਂ ਨੇ 3 ਸਤੰਬਰ ਨੂੰ ਵਿਧਾਨ ਸਭਾ ਨੂੰ ਘੇਰਨ ਲਈ ਚੰਡੀਗੜ੍ਹ ਵਲ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਕੂਚ ਕਰਨ ਦਾ ਐਲਾਨ ਕੀਤਾ ਹੈ ਅਤੇ ਕਈ ਮੁਲਾਜ਼ਮ ਜਥੇਬੰਦੀਆਂ ਨੇ ਵੀ ਅਪਣੀਆਂ ਮੰਗਾਂ ਦੇ ਹੱਕ ਵਿਚ ਧਰਨੇ ਦੇਣੇ ਹਨ, ਇਸ ਹਾਲਾਤ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਤੇ ਪੀ.ਏ.ਪੀ. ਦੇ ਸੈਂਕੜੇ ਜਵਾਨਾਂ ਨੇ ਸ਼ੁਕਰਵਾਰ 2 ਵਜੇ ਸੁਰੱਖਿਆ ਤੈਨਾਤੀ ਦੀ ਰਿਹਰਸਲ ਕੀਤੀ। ਵਿਧਾਨ ਸਭਾ ਹਾਲ ਦੇ ਅੰਦਰ ਵਿਰੋਧੀ ਧਿਰ ਦਾ ਸਖ਼ਤ ਰਵਈਆ ਅਤੇ ਸਰਕਾਰ ਵਿਰੁਧ ਜੋਸ਼ੀਲੇ ਨਾਹਰੇਬਾਜ਼ੀ ਦੀ ਸੰਭਾਵਨਾ ਨੂੰ ਜਾਣਦੇ ਹੋਏ, ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਹਨ।
ਇਨ੍ਹਾਂ ਵਿਚ 50 ਦੇ ਲਗਭਗ ਮਾਰਸ਼ਲ ਵੀ ਬੁਲਾਏ ਜਾਣ ਦਾ ਪਤਾ ਲੱਗਾ ਹੈ। ਵਿਰੋਧੀ ਧਿਰ ਕਾਂਗਰਸ ਵਲੋਂ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ ਸਰਕਾਰ ਵਲੋਂ ਪੈਦਾ ਕੀਤੀ ਸੰਕਟਮਈ ਵਿੱਤੀ ਹਾਲਤ, ਨਸ਼ਿਆਂ ਦੀ ਭਰਮਾਰ, ਪਿਛਲੇ ਢਾਈ ਸਾਲਾਂ ਵਿਚ ‘ਆਪ’ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦਿਨ ਦਿਹਾਨੇ ਲੁੱਟਾਂ ਖੋਹਾਂ ਕਤਲ ਤੇ ਹੋਰ ਵਿਸ਼ਿਆਂ ’ਤੇ ਸਦਨ ਦੇ ਅੰਦਰ ਚਰਚਾ ਕਰਵਾਉਣ ਦੀ ਕੀਤੀ ਮੰਗ ਨੂੰ ਠੁਕਰਾਉਣ ਦੀ ਸੰਭਾਵਨਾ ਦੇ ਚਲਦਿਆਂ ਇਹ ਇਜਲਾਸ ਬਹੁਤ ਗਰਮ, ਰੌਲੇ ਰੱਪੇ ਵਾਲਾ ਤੇ ਹੰਗਾਮੇ ਭਰਪੂਰ ਰਹੇਗਾ।
ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ਮਹੀਨੇ ਦੇ ਬਜਟ ਸੈਸ਼ਨ ਦੀਆਂ 8 ਬੈਠਕਾਂ ਤੇ ਮੌਜੂਦਾ ਇਜਲਾਸ ਦੀਆਂ 3 ਬੈਠਕਾਂ ਮਿਲਾ ਕੇ ਕੁਲ 11 ਬੈਠਕਾਂ ਵਾਲਾ ਸਾਲ 2024 ‘ਆਪ’ ਸਰਕਾਰ ਦਾ ਹੁਣ ਤਕ ਦਾ ਸੱਭ ਤੋਂ ਘੱਟ ਬੈਠਕਾਂ ਵਾਲਾ ਨਿਵੇਕਲਾ ਸਾਲ ਹੋਵੇਗਾ।