
Punjab News: ਇਹ ਉਤਸਵ ਉੱਘੇ ਸ਼ਾਇਰ ਮਰਹੂਮ ਪਦਮ ਸ੍ਰੀ ਸੁਰਜੀਤ ਪਾਤਰ, ਮਹਿੰਦਰ ਸਿੰਘ ਰੰਧਾਵਾ ਅਤੇ ਮਾਤ ਭਾਸ਼ਾ ਨੂੰ ਸਮਰਪਿਤ ਹੋਵੇਗਾ
ਚੰਡੀਗੜ੍ਹ : ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਪੰਜਾਬ ਦੀ ਨਵ ਸਿਰਜਣਾ ਮਹਾਉਤਸਵ ਕਰਵਾਇਆ ਜਾ ਰਿਹਾ ਹੈ। ਇਹ ਉਤਸਵ ਉੱਘੇ ਸ਼ਾਇਰ ਮਰਹੂਮ ਪਦਮ ਸ੍ਰੀ ਸੁਰਜੀਤ ਪਾਤਰ, ਮਹਿੰਦਰ ਸਿੰਘ ਰੰਧਾਵਾ ਅਤੇ ਮਾਤ ਭਾਸ਼ਾ ਨੂੰ ਸਮਰਪਿਤ ਹੋਵੇਗਾ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 2 ਫ਼ਰਵਰੀ ਤੋਂ 29 ਮਾਰਚ ਤੱਕ ਸਾਹਿਤ ਅਤੇ ਪੰਜਾਬ ਤੇ ਪੰਜਾਬੀਅਤ 'ਤੇ ਮੰਥਨ ਹੋਵੇਗਾ। ਉਦਘਾਟਨੀ ਸਮਾਰੋਹ 2 ਫ਼ਰਵਰੀ 2025 ਨੂੰ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ 11 ਵਜੇ ਸਵੇਰੇ ਸ਼ੁਰੂ ਹੋਵੇਗਾ।
ਸਭ ਤੋਂ ਪਹਿਲਾਂ ਡਾ. ਮਹਿੰਦਰ ਸਿੰਘ ਰੰਧਾਵਾ ਮੈਮੋਰੀਅਲ ਲੈਕਚਰ- 2025 'ਪੰਜਾਬ ਵਿਚ ਖੇਤੀ ਅਤੇ ਪੇਂਡੂ ਵਿਕਾਸ ਦਾ ਭਵਿੱਖ' ਡਾ. ਐਸ. ਐਸ. ਗੋਸਲ, ਉਪ- ਕੁਲਪਤੀ, ਪੰਜਾਬ ਐਗਰੀਕਲਚਰ, ਯੂਨੀਵਰਸਿਟੀ, ਲੁਧਿਆਣਾ ਵੱਲੋਂ ਦਿੱਤਾ ਜਾਵੇਗਾ। ਉਦਘਾਟਨੀ ਸ਼ਬਦ ਪ੍ਰੋ. ਕਰਮਜੀਤ ਸਿੰਘ, ਉਪ-ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕਹੇ ਜਾਣਗੇ।
ਇਸ ਸੈਸ਼ਨ ਦੀ ਪ੍ਰਧਾਨਗੀ ਨਿਰਲੇਪ ਸਿੰਘ, ਸਾਬਕਾ ਸੀ. ਡੀ. ਐਮ.ਐਨ. ਐਫ. ਐੱਲ, ਵੱਲੋਂ ਕੀਤੀ ਜਾਵੇਗੀ। ਇਸ ਉਪਰੰਤ ਪੰਜਾਬ ਗੌਰਵ ਅਤੇ ਪੰਜਾਬੀ ਭਾਸ਼ਾ ਪੁਰਸਕਾਰਾਂ ਦਾ ਐਲਾਨ ਕੀਤਾ ਜਾਵੇਗਾ।ਇਸ ਦੌਰਾਨ ਕਲਾ ਪ੍ਰਦਰਸ਼ਨੀ:ਪਾਰਗਮਤਾ: ਵਿਜੇ ਓਜ਼ੋ ਵੱਲੋਂ ਲਗਾਈ ਜਾਵੇਗੀ। ਗਾਇਨ : ਰਾਜਿੰਦਰ ਸਿੰਘ( ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਵੱਲੋਂ ਕੀਤਾ ਜਾਵੇਗਾ। ਉੱਘੇ ਹਦਾਇਤਕਾਰ ਹਰਜੀਤ ਸਿੰਘ ਵੱਲੋਂ ' ਦਸਤਾਵੇਜ਼ੀ ਫਿਲਮ' ਮੈ ਫਿਰ ਆਵਾਂਗਾ' ਦਿਖਾਈ ਜਾਵੇਗੀ। ਇਸ ਤੋਂ ਬਾਅਦ ਪ੍ਰੀਤਮ ਰੁਪਾਲ ਦੀ ਰਹਿਨੁਮਾਈ ਵਿਚ 'ਲੋਕ ਕਲਾ ਪੇਸ਼ਕਾਰੀਆਂ' ਕਰਵਾਈਆਂ ਜਾਣਗੀਆਂ। ਆਖ਼ਰ ਵਿਚ 'ਅਕਸ ਰੰਗਮੰਚ, ਸਮਰਾਲਾ' ਵੱਲੋਂ, ਅਮਰਜੀਤ ਸਿੰਘ ਗਰੇਵਾਲ ਦੁਆਰਾ ਰਚਿਤ ਤੇ ਰਾਜਵਿੰਦਰ ਸਿੰਘ ਸਮਰਾਲਾ ਵੱਲੋਂ ਨਿਰਦੇਸ਼ਤ ਨਾਟਕ 'ਦੇਹੀ' ਦਾ ਮੰਚਨ ਕੀਤਾ ਜਾਵੇਗਾ।
ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ, ਜਨਰਲ ਸਕੱਤਰ ਡਾ. ਰਵੇਲ ਸਿੰਘ ਤੇ ਉਪ ਚੇਅਰਮੈਨ ਡਾ. ਯੋਗਰਾਜ ਅੰਗਰਿਸ਼, ਸਾਹਿਤ ਅਕਾਦਮੀ, ਚੰਡੀਗੜ੍ਹ ਦੇ ਪ੍ਰਧਾਨ ਡਾ. ਆਤਮ ਰੰਧਾਵਾ, ਹੋਰਾਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਪੰਜਾਬ ਭਰ ਵਿਚ ਹੋਣ ਜਾ ਰਹੇ ਸਮਾਗਮਾਂ ਦੀ ਹੋਰ ਰੂਪ-ਰੇਖਾ ਜਲਦੀ ਹੀ ਸਾਂਝੀ ਕੀਤੀ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਇਨ੍ਹਾਂ ਸਮਾਗਮਾਂ ਵਿਚ ਵੱਖ-ਵੱਖ ਵਿਸ਼ਿਆਂ 'ਤੇ ਸੈਮੀਨਾਰ, ਕਵੀ ਦਰਬਾਰ, ਨਾਟਕ, ਪੁਸਤਕ ਪ੍ਰਦਰਸ਼ਨੀਆਂ, ਕਲਾ ਪ੍ਰਦਰਸ਼ਨੀਆਂ, ਲੋਕ ਪੇਸ਼ਕਾਰੀਆਂ ਤੇ ਹੋਰ ਸੱਭਿਆਚਾਰਕ ਸਮਾਗਮ ਕਰਵਾਏ ਜਾਣਗੇ।