
ਚੰਡੀਗੜ੍ਹ ਪੁਲਿਸ ਨੇ ਵਾਹਨ ਮਾਲਕਾਂ ਨੂੰ ਭੇਜਿਆ ਨੋਟਿਸ
ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਵੱਲੋਂ ਹਾਦਸਿਆਂ ਜਾਂ ਵੱਖ-ਵੱਖ ਕਾਰਨਾਂ ਕਰਕੇ ਫੜੇ ਗਏ ਵਾਹਨਾਂ ਨੂੰ ਛੁਡਾਉਣ ਲਈ ਲੋਕ ਅੱਗੇ ਨਹੀਂ ਆ ਰਹੇ। ਜਦੋਂ ਪੁਲਿਸ ਵੱਲੋਂ ਲੋਕਾਂ ਦੇ ਘਰਾਂ ’ਤੇ ਨੋਟਿਸ ਭੇਜੇ ਗਏ ਤਾਂ ਪਤਾ ਚਲਿਆ ਕਿ ਜੋ ਅਡਰੈਸ ਗੱਡੀਆਂ ਦੀ ਰਜਿਸਟ੍ਰੇਸ਼ਨ ’ਤੇ ਦਿੱਤੇ ਗਏ ਹਨ ਉਨ੍ਹਾਂ ’ਤੇ ਉਹ ਰਹਿੰਦੇ ਹੀ ਨਹੀਂ। ਅਜਿਹੇ ਵਾਹਨ ਮਾਲਕਾਂ ਨੂੰ ਸੈਕਟਰ 31 ਦੀ ਪੁਲਿਸ ਨੇ ਆਖਰੀ ਮੌਕਾ ਦਿੱਤਾ ਹੈ। ਉਨ੍ਹਾਂ ਇਕ ਮਹੀਨੇ ’ਚ ਆਪਣੇ ਵਾਹਨ ਛੁਡਾਉਣ ਦੇ ਲਈ ਕਿਹਾ ਗਿਆ ਹੈ, ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪੁਲਿਸ ਵੱਲੋਂ ਵਾਹਨਾਂ ਦੀ ਨੀਲਾਮੀ ਕਰ ਦਿੱਤੀ ਜਾਵੇਗੀ।
ਸੈਕਟਰ 31 ਪੁਲਿਸ ਸਟੇਸ਼ਨ ’ਚ ਇਸ ਤਰ੍ਹਾਂ ਦੇ 106 ਵਾਹਨਾਂ ਦੀ ਪਹਿਚਾਣ ਕੀਤੀ ਗਈ ਹੈ ਜਿਨ੍ਹਾਂ ਨੂੰ ਨੋਟਿਸ ਭੇਜੇ ਗਏ ਸਨ ਪਰ ਲੋਕਾਂ ਵੱਲੋਂ ਇਨ੍ਹਾਂ ਵਾਹਨਾਂ ਨੂੰ ਹਾਸਲ ਨਹੀਂ ਕੀਤਾ ਗਿਆ। ਜਿਨ੍ਹਾਂ ਵਿਚ ਕਾਰਾਂ, ਸਕੂਟਰ, ਐਕਟਿਵਾ ਅਤੇ ਆਟੋ ਸ਼ਾਮਲ ਹਨ। ਸੈਕਟਰ 31 ਦੀ ਪੁਲਿਸ ਵੱਲੋਂ ਵਾਹਨ ਮਾਲਕਾਂ ਨੂੰ ਇਕ ਵਾਰ ਫਿਰ ਤੋਂ ਨੋਟਿਸ ਜਾਰੀ ਕੀਤਾ ਗਿਆ। ਜੇਕਰ ਫਿਰ ਵੀ ਇਨ੍ਹਾਂ ਵਾਹਨਾਂ ਨੂੰ ਕੋਈ ਲੈਣ ਨਹੀਂ ਆਉਂਦਾ ਤਾਂ ਇਨ੍ਹਾਂ ਵਾਹਨਾਂ ਦੀ ਨੀਲਾਮੀ ਕਰ ਦਿੱਤੀ ਜਾਵੇਗੀ।