ਸੁਰੱਖਿਆ ਟੀਮ ’ਚ 287 ਹੋਰ ਸਾਬਕਾ ਫੌਜੀ ਹੋਏ ਸ਼ਾਮਲ, ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵਧ ਕੇ 1000 ਹੋਈ
ਚੰਡੀਗੜ੍ਹ : ਪੀ.ਜੀ.ਆਈ.ਚੰਡੀਗੜ੍ਹ ਨੇ ਸੁਰੱਖਿਆ ਢਾਂਚੇ ’ਚ ਇਕ ਵੱਡਾ ਅਤੇ ਇਤਿਹਾਸਕ ਸੁਧਾਰ ਕਰਦੇ ਹੋਏ 287 ਸਾਬਕਾ ਫੌਜੀਆਂ ਨੂੰ ਸੁਰੱਖਿਆ ਵਿਭਾਗ ’ਚ ਸ਼ਾਮਲ ਕੀਤਾ ਹੈ। ਫੌਜ ਦੇ ਇਨ੍ਹਾਂ ਅਨੁਸ਼ਾਸਿਤ ਅਤੇ ਸਿਖਲਾਈ ਪ੍ਰਾਪਤ ਫੌਜੀ ਜਵਾਨਾਂ ਦੇ ਸ਼ਾਮਲ ਹੋਣ ਨਾਲ ਸੰਸਥਾ ਦੀ ਸੁਰੱਖਿਆ ਫੋਰਸ ਹੁਣ 1000 ਕਰਮਚਾਰੀਆਂ ’ਤੇ ਪਹੁੰਚ ਗਈ ਹੈ। ਇਹ ਕਦਮ ਨਾ ਸਿਰਫ਼ ਸੰਸਥਾ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਬਲਕਿ ਮਰੀਜਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਟਾਫ਼ ਲਈ ਇਕ ਸੁਰੱਖਿਅਤ ਅਤੇ ਵਧੇਰ ਸੰਵੇਦਨਸ਼ੀਲ ਵਾਤਾਵਰਣ ਵੀ ਬਣਾਏਗਾ।
ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਬਕਾ ਫ਼ੌਜੀਆਂ ਦੀ ਸ਼ਮੂਲੀਅਤ ਨਾਲ ਪੀ.ਜੀ.ਆਈ. ਸੁਰੱਖਿਆ, ਅਨੁਸ਼ਾਸਨ ਅਤੇ ਸੇਵਾ ਨੂੰ ਨਾਲ-ਨਾਲ ਚਲਾਉਣ ਦੇ ਆਪਣੇ ਟੀਚੇ ਵੱਲ ਵਧ ਰਿਹਾ ਹੈ। ਇਹ ਕਰਮਚਾਰੀ ਨਾ ਸਿਰਫ਼ ਸੰਸਥਾ ਦੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਗੇ ਬਲਕਿ ਵਿਸ਼ਵਾਸ ਅਤੇ ਫੁਰਤੀ ਦੀ ਨਵੀਂ ਪਰੰਪਰਾ ਵੀ ਸਥਾਪਿਤ ਕਰਨਗੇ।
ਆਯੋਜਿਤ ਸਮਾਰੋਹ ਦੌਰਾਨ ਸਾਰੇ 287 ਸੁਰੱਖਿਆ ਕਰਮਚਾਰੀ ਵਰਦੀ ਵਿਚ ਮੌਜੂਦ ਸਨ। ਡਿਪਟੀ ਡਾਇਰੈਕਟਰ ਪੰਕਜ ਰਾਏ, ਵਿੱਤੀ ਸਲਾਹਕਾਰ ਰਵਿੰਦਰ ਸਿੰਘ, ਕਾਰਜਕਾਰੀ ਮੈਡੀਕਲ ਸੁਪਰਡੈਂਟ ਪ੍ਰੋਫੈਸਰ ਅਸ਼ੋਕ ਕੁਮਾਰ ਅਤੇ ਹਸਪਤਾਲ ਪ੍ਰਸ਼ਾਸਨ ਦੇ ਐਸੋਸੀਏਟ ਪ੍ਰੋ. ਡਾ. ਰਣਜੀਤ ਪਾਲ ਸਿੰਘ ਭੋਗਲ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।
