
ਗੁਰਸੇਵਕ ਸਿੰਘ ਛੇਤੀ ਹੀ ਰਿਹਾਅ ਹੋਣਗੇ ਫਰੀਦਕੋਟ ਜੇਲ੍ਹ ਤੋਂ
ਚੰਡੀਗੜ੍ਹ - ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਿੱਖ ਨੌਜੁਆਨ ਗੁਰਸੇਵਕ ਸਿੰਘ ਨੂੰ ਜ਼ਮਾਨਤ ਦੇ ਦਿਤੀ ਹੈ। ਗੁਰਸੇਵਕ ਸਿੰਘ ’ਤੇ ਪੰਜਾਬ ਪੁਲਿਸ ਨੇ ਬਰਗਾੜੀ ਬੇਅਦਬੀ ਕੇਸ ਦੇ ਮੁੱਖ ਮੁਲਜ਼ਮਾਂ ’ਚੋਂ ਇਕ ਮਹਿੰਦਰਪਾਲ ਬਿੱਟੂ ਦੇ ਕਤਲ ਨਾਲ ਸਬੰਧਤ ਕੇਸ ’ਚ ਕੇਸ ਦਰਜ ਕੀਤਾ ਸੀ। ਮਹਿੰਦਰਪਾਲ ਬਿੱਟੂ ਦਾ 22 ਜੂਨ 2019 ਨੂੰ ਨਾਭਾ ਜੇਲ੍ਹ ’ਚ ਕਤਲ ਕਰ ਦਿਤਾ ਗਿਆ ਸੀ। ਇਸ ਮਾਮਲੇ ’ਚ ਪੁਲਿਸ ਨੇ ਗੁਰਸੇਵਕ ਸਿੰਘ ਅਤੇ ਦੋ ਹੋਰਾਂ ਵਿਰੁਧ ਕੇਸ ਦਰਜ ਕੀਤਾ ਸੀ। ਤਿੰਨਾਂ ਵਿਅਕਤੀਆਂ ਨੂੰ ਜ਼ਮਾਨਤ ਦੇ ਦਿਤੀ ਗਈ ਹੈ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਮਾਮਲੇ ਬਾਰੇ ਦਸਦਿਆਂ ਕਿਹਾ ਕਿ ਲੋੜੀਂਦੇ ਜ਼ਮਾਨਤ ਬਾਂਡ ਪੂਰੇ ਹੋਣ ਤੋਂ ਬਾਅਦ ਗੁਰਸੇਵਕ ਸਿੰਘ ਨੂੰ ਆਉਣ ਵਾਲੇ ਦਿਨਾਂ ’ਚ ਫਰੀਦਕੋਟ ਜੇਲ੍ਹ ਤੋਂ ਰਿਹਾਅ ਕੀਤੇ ਜਾਣ ਦੀ ਉਮੀਦ ਹੈ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਕਿ ਜ਼ਮਾਨਤ ਅਰਜ਼ੀ ਦੌਰਾਨ ਗੁਰਸੇਵਕ ਸਿੰਘ ਨੂੰ ਕਾਨੂੰਨੀ ਨੁਮਾਇੰਦਗੀ ਐਡਵੋਕੇਟ ਪੂਰਨ ਸਿੰਘ ਹੁੰਦਲ ਨੇ ਦਿਤੀ ਸੀ। ਉਨ੍ਹਾਂ ਨੇ ਸਿੱਖ ਲੀਗਲ ਅਸਿਸਟੈਂਸ ਬੋਰਡ ਵਲੋਂ ਦਿਤੀ ਜਾ ਰਹੀ ਸਹਾਇਤਾ ਦਾ ਜ਼ਿਕਰ ਕਰਦਿਆਂ ਇਸ ਕੇਸ ਨੂੰ ਅੱਗੇ ਵਧਾਉਣ ਲਈ ਕੀਤੇ ਜਾ ਰਹੇ ਸਹਿਯੋਗੀ ਯਤਨਾਂ ’ਤੇ ਵੀ ਚਾਨਣਾ ਪਾਇਆ।