ਚੰਡੀਗੜ੍ਹ ਦੀ ਅਦਾਲਤ ਨੇ ਸੁਣਾਇਆ ਫ਼ੈਸਲਾ, 2 ਸਾਲ ਜੇਲ੍ਹ ’ਚ ਰਹੀ ਆਸ਼ਾ
ਚੰਡੀਗੜ੍ਹ : ਚੰਡੀਗੜ੍ਹ ਦੀ ਇੱਕ ਸਥਾਨਕ ਅਦਾਲਤ ਨੇ ਆਪਣੇ ਪਿਤਾ ਦੇ ਕਤਲ ਦੇ ਦੋਸ਼ ਹੇਠ ਜੇਲ੍ਹ ਵਿੱਚ ਬੰਦ 19 ਸਾਲਾ ਲੜਕੀ ਆਸ਼ਾ ਨੂੰ ਬਰੀ ਕਰ ਦਿੱਤਾ ਹੈ। ਕਿਸ਼ਨਗੜ੍ਹ ਦੀ ਰਹਿਣ ਵਾਲੀ ਆਸ਼ਾ ਨੇ ਇਸ ਕੇਸ ਦੇ ਟਰਾਇਲ ਦੌਰਾਨ ਦੋ ਸਾਲ ਤੋਂ ਵੱਧ ਦਾ ਸਮਾਂ ਜੇਲ੍ਹ ਵਿੱਚ ਬਿਤਾਇਆ, ਜਿਸ ਤੋਂ ਬਾਅਦ ਹੁਣ ਉਹ ਆਜ਼ਾਦ ਹੋ ਗਈ ਹੈ।
ਕੀ ਸੀ ਮਾਮਲਾ? : ਇਹ ਘਟਨਾ 10 ਅਗਸਤ 2023 ਦੀ ਹੈ, ਜਦੋਂ ਕਿਸ਼ਨਗੜ੍ਹ ਪਿੰਡ ਵਿੱਚ 52 ਸਾਲਾ ਸੁਮਈ ਲਾਲ ਦਾ ਕਤਲ ਹੋਇਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਧੀ ਆਸ਼ਾ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕਰਦਿਆਂ ਐਫ.ਆਈ.ਆਰ. ਦਰਜ ਕੀਤੀ ਸੀ।
ਇਸ ਕੇਸ ਵਿੱਚ ਗੁਲਾਬ ਸਿੰਘ ਨਾਮ ਦੇ ਇੱਕ ਆਟੋ ਚਾਲਕ ਨੂੰ ਮੁੱਖ ਗਵਾਹ ਬਣਾਇਆ ਗਿਆ ਸੀ। ਉਸਨੇ ਪੁਲਿਸ ਨੂੰ ਦੱਸਿਆ ਸੀ ਕਿ ਜਦੋਂ ਉਹ ਸੁਮਈ ਲਾਲ ਦੇ ਘਰ ਪਾਣੀ ਲੈਣ ਗਿਆ ਤਾਂ ਉਸਨੇ ਸੁਮਈ ਲਾਲ ਨੂੰ ਜ਼ਮੀਨ 'ਤੇ ਪਿਆ ਦੇਖਿਆ ਅਤੇ ਆਸ਼ਾ ਉੱਥੇ ਖੂਨ ਸਾਫ ਕਰ ਰਹੀ ਸੀ। ਗੁਲਾਬ ਸਿੰਘ ਮੁਤਾਬਕ, ਉਸ ਵੇਲੇ ਆਸ਼ਾ ਨੇ ਕਬੂਲ ਕੀਤਾ ਸੀ ਕਿ ਉਸਨੇ ਆਪਣੇ ਪਿਤਾ ਦਾ ਕਤਲ ਕੀਤਾ ਹੈ ਕਿਉਂਕਿ ਉਹ ਸ਼ਰਾਬ ਪੀ ਕੇ ਪਰਿਵਾਰ ਨੂੰ ਗਾਲਾਂ ਕੱਢਦਾ ਸੀ। ਹਾਲਾਂਕਿ, ਅਦਾਲਤ ਵਿੱਚ ਸੁਣਵਾਈ ਦੌਰਾਨ ਗੁਲਾਬ ਸਿੰਘ ਆਪਣੇ ਬਿਆਨ ਤੋਂ ਮੁਕਰ ਗਿਆ।
ਆਸ਼ਾ ਦੇ ਵਕੀਲ ਗੁਰਦਿੱਤ ਸੈਣੀ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ: ਜਦੋਂ ਗੁਲਾਬ ਸਿੰਘ ਮੌਕੇ 'ਤੇ ਪਹੁੰਚਿਆ ਸੀ, ਆਸ਼ਾ ਆਪਣੇ ਪਿਤਾ 'ਤੇ ਹਮਲਾ ਨਹੀਂ ਕਰ ਰਹੀ ਸੀ, ਸਗੋਂ ਉਸਦੀ ਛਾਤੀ ਵਿੱਚੋਂ ਵਗ ਰਹੇ ਖੂਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ। ਉਹ ਆਪਣੇ ਜ਼ਖ਼ਮੀ ਪਿਤਾ ਨੂੰ ਹਸਪਤਾਲ ਲੈ ਕੇ ਜਾਣ ਵਿੱਚ ਵੀ ਸ਼ਾਮਲ ਸੀ।
ਪੋਸਟਮਾਰਟਮ ਦੀ ਰਿਪੋਰਟ ਵਿੱਚ ਸਰੀਰ 'ਤੇ ਸਿਰਫ਼ ਇੱਕ ਹੀ ਜ਼ਖ਼ਮ ਮਿਲਿਆ ਸੀ। ਵਕੀਲ ਨੇ ਤਰਕ ਦਿੱਤਾ ਕਿ ਜੇਕਰ ਕੋਈ ਧੀ ਆਪਣੇ ਪਿਤਾ ਨੂੰ ਜਾਨੋਂ ਮਾਰਨਾ ਚਾਹੁੰਦੀ ਤਾਂ ਉਹ ਇੱਕ ਤੋਂ ਵੱਧ ਵਾਰ ਹਮਲਾ ਕਰਦੀ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਅਤੇ ਮੁੱਖ ਗਵਾਹ ਦੇ ਆਪਣੇ ਬਿਆਨ ਤੋਂ ਮੁਕਰਨ ਤੋਂ ਬਾਅਦ ਆਸ਼ਾ ਨੂੰ ਬੇਗੁਨਾਹ ਮੰਨਦਿਆਂ ਬਰੀ ਕਰ ਦਿੱਤਾ।
