ਪ੍ਰਸ਼ਾਸਨ ਨੇ 35 ਮਹਿਲਾਵਾਂ ਦੀ ਕੀਤੀ ਨਿਯੁਕਤੀ
ਚੰਡੀਗੜ੍ਹ : ਸਮਾਰਟ ਸਿਟੀ ਵਿੱਚ ਮਹਿਲਾ ਸ਼ਕਤੀ ਨੂੰ ਹੋਰ ਉਤਸ਼ਾਹਿਤ ਕੀਤਾ ਗਿਆ ਹੈ। ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਿਟੇਡ (ਸੀਪੀਡੀਐੱਲ) ਨੇ ਮੀਟਰ ਰੀਡਿੰਗ ਅਤੇ ਬਿੱਲ ਵੰਡਣ ਵਰਗੇ ਕੰਮਾਂ ਲਈ 35 ਔਰਤਾਂ ਦੀ ਨਿਯੁਕਤੀ ਸ਼ੁਰੂ ਕੀਤੀ ਹੈ। ਇਹ ਬਿਜਲੀ ਵੰਡ ਵਿੱਚ ਇੱਕ ਵੱਡਾ ਬਦਲਾਅ ਹੈ। ਇਸ ਪਹਿਲਕਦਮੀ ਨਾਲ ਉਨ੍ਹਾਂ ਰੋਲਾਂ ਵਿੱਚ ਔਰਤਾਂ ਦੀ ਹਿੱਸੇਦਾਰੀ ਵਧੇਗੀ, ਜਿੱਥੇ ਆਮ ਤੌਰ ’ਤੇ ਪੁਰਸ਼ਾਂ ਦਾ ਪ੍ਰਭਾਵ ਰਹਿੰਦਾ ਹੈ । ਇਸੇ ਸੋਚ ਨਾਲ ਸੀਪੀਡੀਐੱਲ ਨੇ 60 ਔਰਤਾਂ ਦੀ ਨਿਯੁਕਤੀ ਦਾ ਪ੍ਰਸਤਾਵ ਰੱਖਿਆ ਹੈ, ਜਿਸ ਨਾਲ ਫਰੰਟਲਾਈਨ ਰੋਲਾਂ ਵਿੱਚ 50 ਫੀਸਦੀ ਔਰਤਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਫੀਲਡ ਵਿੱਚ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਘਰ-ਘਰ ਜਾ ਕੇ ਹੈਂਡਹੈਲਡ ਡਿਵਾਈਸ ਦੀ ਮਦਦ ਨਾਲ ਮੀਟਰ ਰੀਡਿੰਗ ਕਰਨਗੀਆਂ, ਬਿਜਲੀ ਦੀ ਖਪਤ ਦੇ ਅੰਕੜੇ ਸਹੀ ਤਰੀਕੇ ਨਾਲ ਰਿਕਾਰਡ ਕਰਨਗੀਆਂ। ਨਾਲ ਹੀ ਸਮੇਂ ਸਿਰ ਬਿੱਲ ਵੰਡਣ, ਗਾਹਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਨ ਅਤੇ ਸਮੱਸਿਆਵਾਂ ਦੀ ਜਾਣਕਾਰੀ ਨੂੰ ਸੁਪਰਵਾਈਜ਼ਰੀ ਟੀਮਾਂ ਤੱਕ ਪਹੁੰਚਾਉਣ ਵਿੱਚ ਵੀ ਯੋਗਦਾਨ ਪਾਉਣਗੀਆਂ।
ਇਨ੍ਹਾਂ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਲਈ ਸੀਪੀਡੀਐੱਲ ਨੇ ਸੁਰੱਖਿਆ ਪ੍ਰੋਟੋਕਾਲ ਲਾਗੂ ਕੀਤੇ ਹਨ। ਇਨ੍ਹਾਂ ਵਿੱਚ ਜ਼ਰੂਰੀ ਮੋਬਾਈਲ ਚੈੱਕ-ਇਨ, ਐਮਰਜੈਂਸੀ ਐਸਕੇਲੇਸ਼ਨ ਸਿਸਟਮ ਦੀ ਵਿਵਸਥਾ ਕੀਤੀ ਗਈ ਹੈ। ਨਾਲ ਹੀ ਚੋਣਵੇ ਸਥਾਨਾਂ ਵਿੱਚ ਸੁਪਰਵਾਈਜ਼ਰ ਉਨ੍ਹਾਂ ਨਾਲ ਰਹੇਗਾ। ਇਹ ਸਾਰੇ ਉਪਾਅ ਯਕੀਨੀ ਬਣਾਉਣਗੇ ਕਿ ਫੀਲਡ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਸੁਰੱਖਿਅਤ ਮਹਿਸੂਸ ਕਰਨ ਅਤੇ ਅਨੁਕੂਲ ਤੇ ਪੇਸ਼ੇਵਰ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ ਮਿਲੇ।
