Sardar Joginder Singh: ਪੱਤਰਕਾਰੀ ਦੇ ਇਤਿਹਾਸ ਵਿਚ ਇਹ ਇਕ ਯਾਦ ਰੱਖਣ ਵਾਲਾ ਪ੍ਰਣ ਹੋਵੇਗਾ।
Founder of Rozana Spokesman Sardar Joginder Singh death news: ਕੌਮ ਨੂੰ ਅਖ਼ਬਾਰ ਅਤੇ ‘ਉਚਾ ਦਰ ਬਾਬੇ ਨਾਨਕ ਦਾ’ ਦੇ ਰੂਪ ਵਿਚ ਕਰੋੜਾਂ ਦੀਆਂ ਯਾਦਗਾਰੀ ਭੇਟਾਵਾਂ ਅਰਪਣ ਕਰਨ ਵਾਲੇ ਸ. ਜੋਗਿੰਦਰ ਸਿੰਘ ਨੇ ਅਪਣੇ ਲਈ ਇਕ ਘਰ ਵੀ ਕਦੇ ਨਾ ਬਣਾਇਆ ਤੇ ਹੁਣ ਤਕ ਕਿਰਾਏ ਦੇ ਮਕਾਨ ਵਿਚ ਰਹਿੰਦੇ ਰਹੇ ਕਿਉਂਕਿ ਉਨ੍ਹਾਂ ਪ੍ਰਣ ਲਿਆ ਸੀ ਕਿ ‘ਉਚਾ ਦਰ’ ਚਾਲੂ ਹੋਣ ਤੋਂ ਪਹਿਲਾਂ ਉਹ ਅਪਣੀ ਕੋਈ ਜਾਇਦਾਦ ਵਗ਼ੈਰਾ ਨਹੀਂ ਬਣਾਉਣਗੇ। ਪੱਤਰਕਾਰੀ ਦੇ ਇਤਿਹਾਸ ਵਿਚ ਇਹ ਇਕ ਯਾਦ ਰੱਖਣ ਵਾਲਾ ਪ੍ਰਣ ਹੋਵੇਗਾ।
ਸ. ਜੋਗਿੰਦਰ ਸਿੰਘ ਨੇ ਅਪਣੀ ਪਹਿਲੀ ਪੁਸਤਕ ‘ਸੋ ਦਰੁ ਤੇਰਾ ਕੇਹਾ’ ਰਾਹੀਂ ਗੁਰਬਾਣੀ ਦੀ ਸਰਲ, ਵਿਗਿਆਨਕ ਤੇ ‘ਨਾਨਕੀ ਢੰਗ ਦੀ’ ਵਿਆਖਿਆ ਪੇਸ਼ ਕੀਤੀ ਜੋ ਸੰਸਾਰ ਭਰ ਵਿਚ ਏਨੀ ਪਸੰਦ ਕੀਤੀ ਗਈ ਕਿ ਉਨ੍ਹਾਂ ਤੋਂ ਸਾਰੀ ਬਾਣੀ ਦੀ ਸਰਲ ਵਿਆਖਿਆ ਲਿਖਣ ਦੀ ਮੰਗ ਕੀਤੀ ਜਾਣ ਲੱਗੀ ਅਤੇ ਹੁਣ ਤਕ ਇਸ ਦੀਆਂ 10 ਹਜ਼ਾਰ ਕਿਤਾਬਾਂ ਵਿਕ ਗਈਆਂ ਹਨ ਹਾਲਾਂਕਿ ਦੁਕਾਨਾਂ ’ਤੇ ਵਿਕਣ ਲਈ ਇਕ ਵੀ ਕਾਪੀ ਨਹੀਂ ਦਿਤੀ ਗਈ।
ਸ. ਜੋਗਿੰਦਰ ਸਿੰਘ ਦਾ ਹਰ ਹਫ਼ਤੇ ਛਪਦਾ ਫ਼ੀਚਰ ‘ਮੇਰੀ ਨਿਜੀ ਡਾਇਰੀ ਦੇ ਪੰਨੇ’, ਪੰਜਾਬ ਦੇ ਪਿਛਲੇ 50 ਸਾਲਾ ਇਤਿਹਾਸ ਦਾ ਇਕ ਸੱਚਾ-ਸੁੱਚਾ ਸ਼ੀਸ਼ਾ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਇਸ ਨੂੰ ਪੁਸਤਕ ਰੂਪ ’ਚ ਵੀ ਪੇਸ਼ ਕੀਤਾ। ਪੱਤਰਕਾਰੀ ਦੇ ਇਤਿਹਾਸ ਵਿਚ ਇਸ ਵਰਗਾ ਕੋਈ ਦੂਜਾ ਫ਼ੀਚਰ ਜੋ ਏਨੀ ਦੇਰ ਤਕ ਅਪਣਾ ਉਚ ਰੁਤਬਾ ਬਣਾਈ ਰੱਖ ਸਕਿਆ ਹੋਵੇ, ਨਹੀਂ ਲਭਿਆ ਜਾ ਸਕਦਾ।
ਸ. ਜੋਗਿੰਦਰ ਸਿੰਘ ਦੀਆਂ ਬੇਬਾਕ ਲਿਖਤਾਂ ਅਤੇ ਨਿਧੜਕ, ਨਿਡਰ, ਉਸਾਰੂ ਅਤੇ ਕੌਮ ਨੂੰ ਚੜ੍ਹਦੀ ਕਲਾ ਵਲ ਲਿਜਾਣ ਵਾਲੀਆਂ ਸ. ਜੋਗਿੰਦਰ ਸਿੰਘ ਦੀਆਂ ਸੰਪਾਦਕੀਆਂ ਨੇ ਸਿੱਖੀ ਵਾਸਤੇ ਕੁੱਝ ਕਰਨ ਲਈ ਸਦਾ ਪ੍ਰੇਰਿਆ। ਸ. ਜੋਗਿੰਦਰ ਸਿੰਘ ਜੀ ਦਾ ਮਿੱਠਾ ਸੁਭਾਅ, ਅਤਿ ਦੀ ਸਾਦਗੀ, ਨਿਮਰਤਾ ਨੇ ਸਾਬਿਤ ਕਰ ਦਿਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਸੱਚੇ ਸਿੱਖ ਇਸੇ ਤਰ੍ਹਾਂ ਦੇ ਹੁੰਦੇ ਨੇ, ਜਿਹੋ ਜਿਹੀ ਗੁਰੂ ਜੀ ਨੇ ਵੀ ਕਲਪਨਾ ਕੀਤੀ ਸੀ। ਵਾਹਿਗੁਰੂ ਉਨ੍ਹਾਂ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ।