ਸੁਰੱਖਿਆ ਏਜੰਸੀਆਂ ਨੂੰ ਜਾਂਚ ਦੌਰਾਨ ਕੋਈ ਵਿਸਫੋਟਕ ਸਮੱਗਰੀ ਨਹੀਂ ਹੋਈ ਬਰਾਮਦ
ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-43 ਵਿੱਚ ਸਥਿਤ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਸੈਸ਼ਨ ਜੱਜ ਦੇ ਸਰਕਾਰੀ ਈ-ਮੇਲ ਤੇ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਸੂਚਨਾ ਮਿਲਦੇ ਹੀ ਅਦਾਲਤ ਪ੍ਰਸ਼ਾਸਨ ਨੇ ਤੁਰੰਤ ਸੁਰੱਖਿਆ ਏਜੰਸੀਆਂ ਨੂੰ ਅਲਰਟ ਕੀਤਾ ਅਤੇ ਚੌਕਸੀ ਵਜੋਂ ਪੂਰੇ ਅਦਾਲਤ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ।
ਘਟਨਾ ਦੀ ਸੂਚਨਾ ਮਿਲਣ ’ਤੇ ਬੰਬ ਸਕੁਐਡ, ਥਾਣਾ ਸੈਕਟਰ-36 ਪੁਲਿਸ, ਕਿਊ.ਆਰ.ਟੀ ਟੀਮ ਅਤੇ ਹੋਰ ਖੁਫੀਆ ਏਜੰਸੀਆਂ ਮੌਕੇ ’ਤੇ ਪਹੁੰਚੀਆਂ। ਸੁਰੱਖਿਆ ਟੀਮਾਂ ਨੇ ਪੂਰੇ ਅਦਾਲਤ ਕੰਪਲੈਕਸ ਦੀ ਬਹੁਤ ਹੀ ਬਰੀਕੀ ਨਾਲ ਤਲਾਸ਼ੀ ਲਈ ਅਤੇ ਜਾਂਚ ਦੌਰਾਨ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਵਸਤੂ ਜਾਂ ਵਿਸਫੋਟਕ ਸਮੱਗਰੀ ਨਹੀਂ ਮਿਲੀ।
ਜਾਂਚ ਪੂਰੀ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਧਮਕੀ ਨੂੰ ਅਫਵਾਹ ਕਰਾਰ ਦਿੱਤਾ। ਕਿਸੇ ਵੀ ਤਰ੍ਹਾਂ ਦਾ ਖਤਰਾ ਨਾ ਮਿਲਣ ’ਤੇ ਪ੍ਰਸ਼ਾਸਨ, ਵਕੀਲਾਂ ਅਤੇ ਹੋਰ ਮੌਜੂਦ ਲੋਕਾਂ ਨੇ ਰਾਹਤ ਦੀ ਸਾਹ ਲਈ। ਫਿਲਹਾਲ ਪੁਲਿਸ ਈ-ਮੇਲ ਭੇਜਣ ਵਾਲੇ ਦੀ ਪਛਾਣ ਕਰਨ ਅਤੇ ਮਾਮਲੇ ਦੀ ਵਿਸਥਾਰਤ ਜਾਂਚ ਵਿੱਚ ਜੁਟੀ ਹੋਈ ਹੈ।
