ਬੱਚਿਆਂ ਨਾਲ ਗੱਲਬਾਤ ਕੀਤੀ, ਤੰਦਰੁਸਤੀ, ਸਿੱਖਿਆ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਬਾਰੇ ਪੁੱਛਿਆ
ਚੰਡੀਗੜ੍ਹ: ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ, ਚੰਡੀਗੜ੍ਹ ਦੇ ਮੁੱਖ ਸਕੱਤਰ, ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਅਤੇ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ, ਸੈਕਟਰ-15, ਚੰਡੀਗੜ੍ਹ ਦੇ ਲੜਕੀਆਂ ਲਈ ਸਨੇਹਾਲਿਆ ਦਾ ਦੌਰਾ ਕੀਤਾ। ਇਸ ਮੌਕੇ ਅਨੁਰਾਧਾ ਐੱਸ. ਚਗਤੀ, ਸਕੱਤਰ, ਸਮਾਜ ਭਲਾਈ, ਅਤੇ ਪਾਲਿਕਾ ਅਰੋੜਾ, ਡਾਇਰੈਕਟਰ, ਸਮਾਜ ਭਲਾਈ ਵੀ ਦੌਰੇ ਦੌਰਾਨ ਮੌਜੂਦ ਸਨ।
ਦੌਰੇ ਦੌਰਾਨ ਮਾਣਯੋਗ ਪ੍ਰਸ਼ਾਸਕ ਨੇ ਬੱਚਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੀ ਤੰਦਰੁਸਤੀ, ਸਿੱਖਿਆ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਬਾਰੇ ਪੁੱਛਿਆ, ਅਤੇ ਚਿਲਡਰਨਸ ਹੋਮ ਵਿੱਚ ਰਹਿ ਰਹੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦਾ ਨਿਰੀਖਣ ਕਰਨ ਲਈ ਹੋਮ ਦਾ ਦੌਰਾ ਕੀਤਾ। ਮਾਣਯੋਗ ਪ੍ਰਸ਼ਾਸਕ ਨੇ ਬੱਚਿਆਂ ਦੀ ਦੇਖਭਾਲ, ਸੁਰੱਖਿਆ, ਪੋਸ਼ਣ ਅਤੇ ਸੰਪੂਰਨ ਵਿਕਾਸ ਨਾਲ ਸਬੰਧਤ ਵਿਵਸਥਾਵਾਂ ਦੀ ਵੀ ਸਮੀਖਿਆ ਕੀਤੀ ਅਤੇ ਬਾਲ ਦੇਖਭਾਲ ਸੇਵਾਵਾਂ ਵਿੱਚ ਲਗੇ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਮਾਣਯੋਗ ਪ੍ਰਸ਼ਾਸਕ ਨੇ ਨਾਰੀ-ਨਿਕੇਤਨ, ਸ਼ਕਤੀ ਸਦਨ, ਲੜਕੀਆਂ ਲਈ ਆਫ਼ਟਰ ਕੇਅਰ ਹੋਮ ਅਤੇ ਪਰਿਸਰ ਦੇ ਅੰਦਰ ਚਲ ਰਹੇ ਵੰਨ ਸਟੌਪ ਸੈਂਟਰ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਸਾਰੇ ਨਿਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਰੋਜ਼ਾਨਾ ਦੀ ਰੁਟੀਨ ਬਾਰੇ ਪੁੱਛਿਆ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਰੇ ਨਿਵਾਸੀਆਂ ਨੂੰ ਸਾਰਥਕ ਗਤੀਵਿਧੀਆਂ ਵਿੱਚ ਰੁੱਝੇ ਰਹਿਣਾ ਚਾਹੀਦਾ ਹੈ।
ਉਨ੍ਹਾਂ ਨੇ ਨਾਰੀ-ਨਿਕੇਤਨ ਦੇ ਨਿਵਾਸੀਆਂ ਦੇ ਆਰਟ ਐਂਡ ਕ੍ਰਾਫਟ ਵਰਕ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਅਜਿਹਾ ਕਰਦੇ ਰਹਿਣ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਾਰੇ ਨਿਵਾਸੀਆਂ ਨੂੰ ਸਕਿੱਲ ਟ੍ਰੇਨਿੰਗ ਪ੍ਰਦਾਨ ਕੀਤੀ ਜਾਵੇ।
ਪ੍ਰਸ਼ਾਸਕ ਨੇ ਬਲਾਇੰਡ ਇੰਸਟੀਟਿਊਟ, ਸੈਕਟਰ 26, ਚੰਡੀਗੜ੍ਹ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਬੁਨਿਆਦੀ ਢਾਂਚੇ ਅਤੇ ਸੈਨੀਟੇਸ਼ਨ ਫੈਸਿਲਿਟੀਜ਼ ਦਾ ਜਾਇਜ਼ਾ ਲਿਆ। ਪ੍ਰਸ਼ਾਸਕ ਨੂੰ ਬ੍ਰੇਲ ਲਿਪੀ ਟ੍ਰੇਨਿੰਗ ਪ੍ਰਣਾਲੀਆਂ ਦੇ ਕੰਮਕਾਜ ਤੋਂ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੇ ਕੰਪਿਊਟਰ ਪ੍ਰਯੋਗਸ਼ਾਲਾ ਦਾ ਦੌਰਾ ਕੀਤਾ, ਜਿੱਥੇ ਨੇਤਰਹੀਣ ਵਿਦਿਆਰਥੀ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਗਏ ਸਾਫਟਵੇਅਰ ਦੀ ਸਹਾਇਤਾ ਨਾਲ ਕੰਪਿਊਟਰਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਨੇਤਰਹੀਣ ਵਿਅਕਤੀਆਂ ਦੀ ਸਿੱਖਿਆ, ਕੌਸ਼ਲ ਵਿਕਾਸ ਅਤੇ ਪੁਨਰਵਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਮਾਣਯੋਗ ਪ੍ਰਸ਼ਾਸਕ ਦਾ ਨਾਰੀ ਨਿਕੇਤਨ ਦੇ ਬੱਚਿਆਂ ਅਤੇ ਨਿਵਾਸੀਆਂ ਦੇ ਨਾਲ-ਨਾਲ ਨੇਤਰਹੀਣ ਸੰਸਥਾ ਦੇ ਵਿਦਿਆਰਥੀਆਂ ਅਤੇ ਸਟਾਫ਼ ਦੁਆਰਾ ਨਿੱਘਾ ਸੁਆਗਤ ਕੀਤਾ ਗਿਆ, ਜਿਸ ਨਾਲ ਇਹ ਦੌਰਾ ਸਾਰਿਆਂ ਲਈ ਇੱਕ ਯਾਦਗਾਰੀ ਅਤੇ ਉਤਸ਼ਾਹਜਨਕ ਅਨੁਭਵ ਬਣ ਗਿਆ।
