
ਡਾਕਟਰ ਆਰ ਐਸ ਬੇਦੀ ਨੂੰ ਪ੍ਰੀਜਾਈਡਿੰਗ ਅਧਿਕਾਰੀ ਕੀਤਾ ਨਿਯੁਕਤ
ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ 24 ਜਨਵਰੀ 2025 ਨੂੰ ਹੋਵੇਗੀ। ਡਿਪਟੀ ਕਮਿਸ਼ਨਰ ਚੰਡੀਗੜ੍ਹ ਨਿਸ਼ਾਂਤ ਕੁਮਾਰ ਯਾਦਵ ਨੇ ਬਕਾਇਦਾ ਤੌਰ ਤੇ ਚੋਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਇਹ ਚੋਣ 24 ਜਨਵਰੀ ਨੂੰ ਸਵੇਰੇ 11 ਵਜੇ ਚੰਡੀਗੜ੍ਹ ਨਗਰ ਨਿਗਮ ਦੇ ਅਸੈਂਬਲੀ ਹਾਲ ਵਿੱਚ ਹੋਵੇਗੀ। ਨਾਮਜਦ ਕੌਂਸਲਰ ਡਾਕਟਰ ਰਮਣੀਕ ਸਿੰਘ ਬੇਦੀ ਨੂੰ ਪ੍ਰੀਜਾਇਡਿੰਗ ਅਫਸਰ ਨਿਯੁਕਤ ਕੀਤਾ ਹੈ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 20 ਜਨਵਰੀ, 2025 ਰੱਖੀ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਨਾਮਜ਼ਦ ਕੌਂਸਲਰ ਡਾ: ਰਮਣੀਕ ਸਿੰਘ ਬੇਦੀ ਨੂੰ ਚੋਣਾਂ ਦਾ ਪ੍ਰੀਜ਼ਾਈਡਿੰਗ ਅਫ਼ਸਰ ਨਿਯੁਕਤ ਕੀਤਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਰਾਸ਼ਟਰੀ ਸੰਸਥਾ ਸਮੇਤ ਕਈ ਵੱਕਾਰੀ ਸੰਸਥਾਵਾਂ ਨਾਲ ਜੁੜੇ ਡਾ: ਬੇਦੀ ਆਪਣੀ ਸਾਫ਼-ਸੁਥਰੀ ਅਕਸ ਅਤੇ ਨਿਰਪੱਖ ਕਾਰਜਸ਼ੈਲੀ ਲਈ ਜਾਣੇ ਜਾਂਦੇ ਹਨ।
ਇਸ ਵਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਚੌਕਸੀ ਦਿਖਾਉਂਦੇ ਹੋਏ ਡਾ: ਬੇਦੀ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਨਿਯੁਕਤ ਕੀਤਾ ਹੈ। ਜਿਸ ਨੂੰ ਨਿਰਪੱਖ ਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਹਨਾ ਚੋਣਾਂ ਲਈ ਉਮੀਦਵਾਰ 20 ਜਨਵਰੀ ਤੱਕ ਨਾਮਜ਼ਦਗੀਆਂ ਦਾਖਲ ਕਰ ਸਕਦੇ ਹਨ। ਇਸ ਤੋਂ ਬਾਅਦ 24 ਜਨਵਰੀ ਨੂੰ ਨਗਰ ਨਿਗਮ ਹਾਊਸ ਵਿੱਚ ਚੋਣ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ। ਚੰਡੀਗੜ੍ਹ ਪ੍ਰਸ਼ਾਸਨ ਦੀ ਇਸ ਪਹਿਲਕਦਮੀ ਤੋਂ ਪਤਾ ਚੱਲਦਾ ਹੈ ਕਿ ਇਸ ਵਾਰ ਚੋਣਾਂ ਨੂੰ ਨਿਰਪੱਖ ਅਤੇ ਵਿਵਾਦ ਰਹਿਤ ਕਰਵਾਉਣ ਲਈ ਵਿਸ਼ੇਸ਼ ਸਾਵਧਾਨੀ ਵਰਤੀ ਜਾ ਰਹੀ ਹੈ। ਮੇਅਰ ਚੋਣ ਦੇ ਨਤੀਜੇ ਚੰਡੀਗੜ੍ਹ ਦੀ ਸਿਆਸੀ ਦਿਸ਼ਾ ਤੈਅ ਕਰਨਗੇ।
1. ਗੁਪਤ ਬੈਲਟ ਪੇਪਰ ਨਾਲ ਹੀ ਹੋਵੇਗੀ ਚੋਣ
ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਗੁਪਤ ਬੈਲਟ ਪੇਪਰ ਨਾਲ ਹੀ ਹੋਵੇਗੀ। ਹਾਲਾਂਕਿ ਪਿਛਲੇ ਦਿਨਾਂ ਵਿੱਚ ਚੰਡੀਗੜ੍ਹ ਦੇ ਆਮ ਆਦਮੀ ਪਾਰਟੀ ਦੇ ਵਫਦ ਨਾਲ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨਾਲ ਮੁਲਾਕਾਤ ਕੀਤੀ ਸੀ। ਮੁਲਾਕਾਤ ਦੌਰਾਨ ਆਮ ਆਦਮੀ ਪਾਰਟੀ ਦੇ ਵਫਦ ਨੇ ਗੁਪਤ ਬੈਲਟ ਪੇਪਰਾਂ ਦੀ ਬਜਾਏ ਹੱਥ ਖੜੇ ਕਰਵਾ ਕੇ ਵੋਟਿੰਗ ਕਰਵਾਉਣ ਦੀ ਅਪੀਲ ਕੀਤੀ ਸੀ। ਪਰ ਪ੍ਰਸ਼ਾਸਨ ਨੇ ਆਮ ਆਦਮੀ ਪਾਰਟੀ ਦੀ ਇਸ ਅਪੀਲ ਨੂੰ ਖਾਰਜ ਕਰ ਦਿੱਤਾ ਸੀ। ਦੂਜੇ ਪਾਸੇ ਚੰਡੀਗੜ੍ਹ ਕਾਂਗਰਸ ਨੇ ਵੀ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੱਥ ਖੜੇ ਕਰਵਾ ਕੇ ਕਰਵਾਉਣ ਦੀ ਮੰਗ ਕੀਤੀ ਸੀ।
2. ਨਗਰ ਨਿਗਮ ਦਫਤਰ ਪਹੁੰਚ ਕੇ ਡਿਪਟੀ ਕਮਿਸ਼ਨਰ ਨੇ ਲਿਆ ਜਾਇਜ਼ਾ
ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਅੱਜ ਨਗਰ ਨਿਗਮ ਦਫ਼ਤਰ ਸੈਕਟਰ-17 ਚੰਡੀਗੜ੍ਹ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਆਗਾਮੀ ਮੇਅਰ ਚੋਣ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਇਆ। ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਨਿਰਪੱਖ, ਪਾਰਦਰਸ਼ੀ ਅਤੇ ਸੁਚਾਰੂ ਚੋਣ ਪ੍ਰਕਿਰਿਆ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਸੁਰੱਖਿਆ ਪ੍ਰਬੰਧਾਂ, ਲੌਜਿਸਟਿਕਸ ਅਤੇ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਸਮੇਤ ਚੋਣਾਂ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਅਤੇ ਚੋਣਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਇਆ।ਇਸ ਮੌਕੇ ਗੁਰਿੰਦਰ ਸਿੰਘ ਸੋਢੀ, ਸੰਯੁਕਤ ਕਮਿਸ਼ਨਰ-1, ਈਸ਼ਾ ਕੰਬੋਜ ਸੰਯੁਕਤ ਕਮਿਸ਼ਨਰ-2, ਸ਼ਸ਼ੀ ਵਸੁੰਧਰਾ ਸੰਯੁਕਤ ਕਮਿਸ਼ਨਰ-3 ਅਤੇ ਨਗਰ ਨਿਗਮ ਚੰਡੀਗੜ੍ਹ ਦੇ ਹੋਰ ਅਧਿਕਾਰੀ ਹਾਜ਼ਰ ਸਨ।
3.ਹੱਥ ਖੜ੍ਹੇ ਕਰਵਾ ਕੇ ਵੋਟਿੰਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਮੇਅਰ ਦੀ ਚੋਣ ਕਰਵਾਈ ਜਾਵੇ- ਚੰਡੀਗੜ੍ਹ ਕਾਂਗਰਸ
ਚੰਡੀਗੜ੍ਹ ਕਾਂਗਰਸ ਨੇ ਮੇਅਰ ਚੋਣ ਦੇ ਨੋਟੀਫਿਕੇਸ਼ਨ ਦੇ ਮੁੱਦੇ 'ਤੇ ਪ੍ਰਸ਼ਾਸਕ ਦੀ ਮਨਜ਼ੂਰੀ ਦੀ ਉਡੀਕ ਕੀਤੇ ਬਿਨਾਂ ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ (ਕੰਡਕਟ ਐਂਡ ਕੰਡਕਟ ਆਫ ਬਿਜ਼ਨਸ) ਰੈਗੂਲੇਸ਼ਨਜ਼, 1996 ਦੇ ਰੈਗੂਲੇਸ਼ਨ 6(6-16) ਵਿੱਚ ਸੋਧ ਕਰਨ ਲਈ ਸਦਨ ਵਿੱਚ ਮਤਾ ਪੇਸ਼ ਕੀਤਾ ਸੀ। ਜਿਸ ਤੇ ਅੱਜ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ।
ਚੰਡੀਗੜ੍ਹ ਕਾਂਗਰਸ ਦੇ ਮੁੱਖ ਬੁਲਾਰੇ ਰਾਜੀਵ ਸ਼ਰਮਾ ਨੇ ਕਿਹਾ ਕਿ ਰੈਗੂਲੇਸ਼ਨ 6(6-16) ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਜਦੋਂ ਦੋ ਜਾਂ ਦੋ ਤੋਂ ਵੱਧ ਉਮੀਦਵਾਰ ਮੇਅਰ ਦੀ ਚੋਣ ਲੜਦੇ ਹਨ, ਤਾਂ ਵੋਟਿੰਗ ਬੈਲਟ ਪੇਪਰ ਰਾਹੀਂ ਗੁਪਤ ਬੈਲਟ ਰਾਹੀਂ ਕੀਤੀ ਜਾਵੇਗੀ। ਗੁਪਤ ਮਤਦਾਨ ਨੂੰ ਖਤਮ ਕਰਨ ਅਤੇ ਚੋਣਾਂ ਵਿਚ ਪਾਰਦਰਸ਼ਤਾ ਲਿਆਉਣ ਲਈ ਅਕਤੂਬਰ 2024 ਵਿਚ ਸਦਨ ਨੇ ਹੱਥ ਖੜੇ ਕਰਕੇ ਖੁੱਲ੍ਹੇਆਮ ਚੋਣਾਂ ਕਰਵਾਉਣ ਦਾ ਪ੍ਰਸਤਾਵ ਪਾਸ ਕੀਤਾ ਸੀ। ਜਿਸ ਦਾ ਉਸ ਸਮੇਂ ਵੀ ਭਾਜਪਾ ਦੇ ਕੌਂਸਲਰਾਂ ਨੇ ਵਿਰੋਧ ਕੀਤਾ ਸੀ। ਚੰਡੀਗੜ੍ਹ ਦੇ ਲੋਕਾਂ ਨੇ ਇਸ ਪ੍ਰਸਤਾਵ ਦਾ ਸਵਾਗਤ ਕਰਦਿਆਂ ਇਸ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਦੀ ਚੋਣ ਪ੍ਰਕਿਰਿਆ ਨੂੰ ਸਾਫ਼-ਸੁਥਰਾ ਅਤੇ ਇਮਾਨਦਾਰੀ ਨਾਲ ਨੇਪਰੇ ਚਾੜ੍ਹਨ ਦੇ ਉਦੇਸ਼ ਨਾਲ ਚੁੱਕਿਆ ਗਿਆ ਇੱਕ ਦਲੇਰਾਨਾ ਕਦਮ ਦੱਸਿਆ। ਉਹਨਾ ਭਾਜਪਾ ਦੇ ਲਗਾਤਾਰ ਦਬਾਅ ਕਾਰਨ ਪ੍ਰਸ਼ਾਸਨ ਨੇ ਇਸ ਨੂੰ ਰੱਦ ਕਰ ਦਿੱਤਾ। ਇਸ ਕ੍ਰਾਂਤੀਕਾਰੀ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਵਿੱਚ ਦੇਰੀ ਹੋਈ।