
ਪਾਣੀ ਬਰਬਾਦ ਕਰਨ ਵਾਲਿਆਂ ਨੂੰ 5788 ਰੁਪਏ ਦਾ ਲੱਗੇਗਾ ਜੁਰਮਾਨਾ
Chandigarh News: ਚੰਡੀਗੜ੍ਹ ਨਗਰ ਨਿਗਮ ਹੁਣ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਵਿਰੁਧ ਸਖ਼ਤੀ ਨਾਲ ਪੇਸ਼ ਆਏਗਾ। ਜੇ ਕੋਈ ਪਾਣੀ ਬਰਬਾਦ ਕਰਦਾ ਫੜਿਆ ਗਿਆ ਤਾਂ ਉਹ ਮੁਸੀਬਤ ਵਿਚ ਪੈ ਜਾਵੇਗਾ। ਹੁਣ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦਰਅਸਲ, ਇਸ ਗਰਮੀਆਂ ਦੇ ਮੌਸਮ ਵਿਚ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਚੰਡੀਗੜ੍ਹ ਨਗਰ ਨਿਗਮ ਨੇ ਫ਼ੈਸਲਾ ਕੀਤਾ ਹੈ ਕਿ ਜੋ ਵੀ ਵਿਅਕਤੀ ਪਾਣੀ ਦੀ ਬਰਬਾਦੀ ਕਰਦਾ ਪਾਇਆ ਗਿਆ, ਉਸ ਨੂੰ 5788 ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਇੰਨਾ ਹੀ ਨਹੀਂ, ਨੋਟਿਸ ਜਾਰੀ ਕਰਨ ਤੋਂ ਬਾਅਦ ਪਾਣੀ ਦੀ ਸਪਲਾਈ ਵੀ ਪੂਰੀ ਤਰ੍ਹਾਂ ਬੰਦ ਕੀਤੀ ਜਾ ਸਕਦੀ ਹੈ। ਚੰਡੀਗੜ੍ਹ ਨਗਰ ਨਿਗਮ ਦਾ ਇਹ ਫ਼ੈਸਲਾ 7 ਅਪ੍ਰੈਲ ਤੋਂ ਲਾਗੂ ਹੋਵੇਗਾ।
ਨਿਗਮ ਨੇ ਸ਼ਹਿਰ ਦੇ ਲੋਕਾਂ ਨੂੰ ਪਾਣੀ ਦੀ ਬਰਬਾਦੀ ਨਾਲ ਸਬੰਧਤ ਸਾਰੀਆਂ ਕਮੀਆਂ ਨੂੰ ਸਮੇਂ ਸਿਰ ਦੂਰ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਉਹਨਾ ਨੂੰ ਖੁਦ ਕਿਸੇ ਵੀ ਤਰ੍ਹਾਂ ਪਾਣੀ ਦੀ ਬਰਬਾਦੀ ਤੋਂ ਬਚਣਾ ਚਾਹੀਦਾ ਹੈ ਅਤੇ ਬੇਲੋੜਾ ਪਾਣੀ ਬਰਬਾਦ ਨਹੀਂ ਕਰਨਾ ਚਾਹੀਦਾ। ਚੰਡੀਗੜ੍ਹ ਨਗਰ ਨਿਗਮ ਨੇ ‘ਸਿਟੀ ਬਿਊਟੀਫੁੱਲ’ ਦੇ ਸਾਰੇ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਣੀ ਦੀ ਬਰਬਾਦੀ ਤੋਂ ਬਚ ਕੇ ਅਤੇ ਇਸ ਕੀਮਤੀ ਸਰੋਤ ਦੀ ਸੰਭਾਲ ਕਰਕੇ ਨਿਗਮ ਦਾ ਸਾਥ ਦੇਣ। ਨਹੀਂ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਹ ਕਦਮ ਦੇਸ਼ ਦੇ ਕਈ ਹਿੱਸਿਆਂ ਵਿੱਚ ਪਾਣੀ ਦੇ ਪੈਦਾ ਹੋਏ ਸੰਕਟ ਕਾਰਨ ਚੁਕਿਆ ਹੈ। ਕੱੁਝ ਥਾਵਾਂ ’ਤੇ ਹਾਲਾਤ ਬਹੁਤ ਮਾੜੇ ਹਨ। ਉਥੋਂ ਦੇ ਲੋਕ ਪੀਣ ਵਾਲੇ ਪਾਣੀ ਦੇ ਸੰਕਟ ਦਾ ਸਾਹਮਣਾ ਵੀ ਕਰ ਰਹੇ ਹਨ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਪਾਣੀ ਦੇ ਸੰਕਟ ਤੋਂ ਬਚਣ ਲਈ ਪਾਣੀ ਦੀ ਸੰਭਾਲ ਵਲ ਧਿਆਨ ਦੇਈਏ। ਜੇ ਪਾਣੀ ਨਾ ਬਚਾਇਆ ਗਿਆ ਤਾਂ ਸਾਡਾ ਕਲ ਨਹੀਂ ਹੋਵੇਗਾ। ਇਸ ਲਈ ਪਾਣੀ ਸਬੰਧੀ ਕਈ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਚੰਡੀਗੜ੍ਹ ਵਿੱਚ ਪਾਣੀ ਦੀ ਸੰਭਾਲ ਲਈ ਵੀ ਕੰਮ ਕੀਤਾ ਜਾ ਰਿਹਾ ਹੈ।