
ਬੱਸ ’ਚ ਸਵਾਰ ਸਨ 46 ਯਾਤਰੀ
Major road accident in Chandigarh, bus full of passengers overturns, many injured Latest news in Punjabi : ਚੰਡੀਗੜ੍ਹ 'ਚ ਇਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਸ ਸੜਕ ਹਾਦਸੇ ’ਚ ਯਾਤਰੀਆਂ ਨਾਲ ਭਰੀ ਬੱਸ ਪਲਟ ਗਈ ਹੈ। ਬੱਸ ’ਚ 46 ਯਾਤਰੀ ਸਵਾਰ ਸਨ।
ਅੱਜ ਸਵੇਰੇ 3 ਵਜੇ ਦੇ ਕਰੀਬ ਚੰਡੀਗੜ੍ਹ ਦੇ ਜੀਰੀ ਮੰਡੀ ਚੌਕ 'ਤੇ ਇਕ ਵੱਡਾ ਸੜਕ ਹਾਦਸਾ ਵਾਪਰਿਆ, ਜਦੋਂ ਕਟੜਾ ਤੋਂ ਦਿੱਲੀ ਜਾ ਰਹੀ ਇੱਕ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪਲਟ ਗਈ। ਇਸ ਬੱਸ ਵਿਚ ਕੁੱਲ 46 ਯਾਤਰੀ ਸਨ। ਜਾਣਕਾਰੀ ਅਨੁਸਾਰ ਬੱਸ ਕਟੜਾ ਤੋਂ ਦਿੱਲੀ ਜਾ ਰਹੀ ਸੀ।
ਡਰਾਈਵਰ ਰਿਆਜ਼ ਅਹਿਮਦ ਨੇ ਕਿਹਾ ਕਿ ਇਕ ਕਾਰ ਅਚਾਨਕ ਸਾਹਮਣੇ ਆ ਗਈ ਅਤੇ ਟੱਕਰ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਬੱਸ ਪਲਟ ਗਈ। ਇਸ ਹਾਦਸੇ ਵਿਚ 5 ਤੋਂ 6 ਯਾਤਰੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਲੋਕਾਂ ਨੇ ਦਸਿਆ ਕਿ ਬੱਸ ਡਰਾਈਵਰ ਨੇ ਕਾਰ ਨਾਲ ਟੱਕਰ ਤੋਂ ਬਚਣ ਦੀ ਕੋਸ਼ਿਸ਼ ਕੀਤੀ ਅਤੇ ਸੰਤੁਲਨ ਗੁਆ ਬੈਠਾ ਅਤੇ ਬੱਸ ਪਲਟ ਗਈ। ਹਾਦਸੇ ਤੋਂ ਬਾਅਦ ਮੌਕੇ 'ਤੇ ਹਫ਼ੜਾ-ਦਫ਼ੜੀ ਮਚ ਗਈ। ਸਥਾਨਕ ਲੋਕਾਂ ਅਤੇ ਪੁਲਿਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਤੁਰਤ ਬਾਹਰ ਕੱਢਿਆ ਗਿਆ।
ਮੌਕੇ 'ਤੇ ਪਹੁੰਚੇ ਐਸਆਈ ਰਮੇਸ਼ ਕੁਮਾਰ ਨੇ ਕਿਹਾ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਤੁਰਤ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿਤਾ ਗਿਆ। ਮਾਮਲੇ ਦੀ ਜਾਂਚ ਜਾਰੀ ਹੈ। ਫ਼ਿਲਹਾਲ ਸਾਰੇ ਜ਼ਖ਼ਮੀ ਯਾਤਰੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਬੱਸ ਅਤੇ ਕਾਰ ਚਾਲਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।