
ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਕਈ ਵੀਜ਼ਾ ਕੰਸਲਟੈਂਸੀ ਫਰਮਾਂ ਅਤੇ ਏਜੰਟਾਂ ਦੇ ਖਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ
CBI Raid News: ਚੰਡੀਗੜ੍ਹ - ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮਨੁੱਖੀ ਤਸਕਰੀ ਨਾਲ ਜੁੜੇ ਇੱਕ ਅੰਤਰਰਾਸ਼ਟਰੀ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਭਾਰਤੀਆਂ ਨੂੰ ਵਿਦੇਸ਼ਾਂ 'ਚ ਨੌਕਰੀ ਦਿਵਾਉਣ ਦੀ ਆੜ 'ਚ ਰੂਸ-ਯੂਕਰੇਨ ਯੁੱਧ ਖੇਤਰ 'ਚ ਲੈ ਜਾਂਦਾ ਸੀ। ਕੇਂਦਰੀ ਏਜੰਸੀ ਦੇ ਅਧਿਕਾਰੀਆਂ ਨੇ ਵੀਰਵਾਰ (7 ਮਾਰਚ) ਨੂੰ ਇਹ ਜਾਣਕਾਰੀ ਦਿੱਤੀ।
ਏਜੰਸੀ ਨੇ ਸੱਤ ਸ਼ਹਿਰਾਂ ਵਿਚ 10 ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਕਈ ਵੀਜ਼ਾ ਕੰਸਲਟੈਂਸੀ ਫਰਮਾਂ ਅਤੇ ਏਜੰਟਾਂ ਦੇ ਖਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਤਲਾਸ਼ੀ ਦੌਰਾਨ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ 50 ਲੱਖ ਰੁਪਏ ਜ਼ਬਤ ਕੀਤੇ ਗਏ ਹਨ। ਇਕ ਰਿਪੋਰਟ ਮੁਤਾਬਕ ਸੀਬੀਆਈ ਨੇ ਦਿੱਲੀ, ਤਿਰੂਵਨੰਤਪੁਰਮ, ਮੁੰਬਈ, ਅੰਬਾਲਾ, ਚੰਡੀਗੜ੍ਹ, ਮਦੁਰਾਈ ਅਤੇ ਚੇਨਈ ਵਿਚ ਛਾਪੇ ਮਾਰੇ ਹਨ।
ਇਹ ਕਾਰਵਾਈ ਹੈਦਰਾਬਾਦ ਦੇ ਇੱਕ 30 ਸਾਲਾ ਵਿਅਕਤੀ ਮੁਹੰਮਦ ਅਫਸਾਨ ਦੇ ਯੂਕਰੇਨ ਨਾਲ ਚੱਲ ਰਹੇ ਯੁੱਧ ਵਿਚ ਮਾਰੇ ਜਾਣ ਦੇ ਇੱਕ ਦਿਨ ਬਾਅਦ ਹੋਈ ਹੈ। ਅਫ਼ਸਾਨ ਨੂੰ ਸਹਾਇਕ ਵਜੋਂ ਕੰਮ ਕਰਨ ਲਈ ਵਿਦੇਸ਼ ਲਿਜਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਜੰਗ ਵਿਚ ਸੁੱਟ ਦਿੱਤਾ ਗਿਆ। ਕਰੀਬ ਇੱਕ ਹਫ਼ਤਾ ਪਹਿਲਾਂ ਗੁਜਰਾਤ ਦੇ ਸੂਰਤ ਦਾ ਰਹਿਣ ਵਾਲਾ ਹੈਮਿਲ ਮੰਗੂਕੀਆ ਨਾਂ ਦਾ ਵਿਅਕਤੀ ਵੀ ਜੰਗ ਵਿੱਚ ਮਾਰਿਆ ਗਿਆ ਸੀ।
ਦੱਸ ਦਈਏ ਕਿ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਵਿਅਕਤੀਆਂ ਦੀ ਛੇਤੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਰੂਸੀ ਅਧਿਕਾਰੀਆਂ ਕੋਲ ਵੀ ਮਾਮਲਾ ਉਠਾਇਆ ਹੈ। ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਸੀ ਕਿ ਲਗਭਗ 20 ਭਾਰਤੀ ਅਜੇ ਵੀ ਰੂਸ ਵਿਚ ਫਸੇ ਹੋਏ ਹਨ ਅਤੇ ਸਰਕਾਰ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਯਤਨ ਕਰ ਰਹੀ ਹੈ।
(For more Punjabi news apart from Action against the human traffickers who trapped Indians in Russia-Ukraine war, stay tuned to Rozana Spokesman)