ਇੱਕ ਕੱਟੜ ਕੈਦੀ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਅਸਥਾਈ ਆਧਾਰ ’ਤੇ ਜਾਂ ਫਰਲੋ ’ਤੇ ਰਿਹਾਅ ਕੀਤਾ ਜਾ ਸਕਦਾ
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇੇ ਉਮਰ ਕੈਦ ਕੱਟ ਰਹੇ ਇਕ ਕੈਦੀ ਨੂੰ ਅਪਣੀ ਪਤਨੀ ਦੀ ਮੌਤ ਕਾਰਨ ਅਸਥਾਈ ਰਿਹਾਈ ਦੀ ਐਮਰਜੈਂਸੀ ਪੈਰੋਲ ਦੇਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿਤਾ ਹੈ ਕਿ ਉਸ ਨੇ ਅਪਣੇ ਤਾਜ਼ਾ ਜੁਰਮ ਤੋਂ ਬਾਅਦ ਅਪਣੀ ਜੇਲ ਦੀ ਸਜ਼ਾ ਦੇ ਪੰਜ ਸਾਲ ਪੂਰੇ ਕਰਨ ਦੀ ਕਾਨੂੰਨੀ ਸ਼ਰਤ ਪੂਰੀ ਨਹੀਂ ਕੀਤੀ ਕਿਉਂਕਿ ਆਰਜ਼ੀ ਰਿਹਾਈ ਲਈ ਹਰਿਆਣਾ ਗੁਡ ਕੰਡਕਟ ਪ੍ਰਿਜ਼ਨਰਜ਼ (ਅਸਥਾਈ ਰਿਹਾਈ) ਐਕਟ, 2022 ਤਹਿਤ ਇਹ ਸ਼ਰਤ ਲੋੜੀਂਦੀ ਹੈ।
ਹਾਲਾਂਕਿ, ਮਨੁੱਖੀ ਪਹੁੰਚ ਅਪਣਾਉਂਦੇ ਹੋਏ ਹਾਈ ਕੋਰਟ ਨੇ ਪਟੀਸ਼ਨਰ ਨੂੰ ਮ੍ਰਿਤਕ ਪਤਨੀ ਦੇ ਅੰਤਮ ਸਸਕਾਰ ਅਤੇ ਰਸਮਾਂ ਵਿਚ ਸ਼ਾਮਲ ਹੋਣ ਲਈ ਕੁੱਝ ਘੰਟਿਆਂ ਲਈ ਪੁਲਿਸ ਸੁਰੱਖਿਆ ਹੇਠ ਹਿਰਾਸਤ ਵਿਚ ਪੈਰੋਲ ਦੀ ਇਜਾਜ਼ਤ ਦੇ ਦਿਤੀ ਗਈ।
ਜਸਟਿਸ ਯਸ਼ਵੀਰ ਸਿੰਘ ਰਾਠੌਰ ਦੀ ਬੈਂਚ ਨੇ ਕਿਹਾ ਕਿ ਇੱਕ ਕੱਟੜ ਕੈਦੀ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਅਸਥਾਈ ਆਧਾਰ ’ਤੇ ਜਾਂ ਫਰਲੋ ’ਤੇ ਰਿਹਾਅ ਕੀਤਾ ਜਾ ਸਕਦਾ ਹੈ, ਪਰ ਜੇਕਰ ਉਸ ਨੇ ਅਪਣੇ ਤਾਜ਼ਾ ਜੁਰਮ ਦੀ ਮਿਤੀ ਤੋਂ ਬਾਅਦ ਲੋੜੀਂਦੀ ਪੰਜ ਸਾਲ ਦੀ ਕੈਦ ਦੀ ਸਜ਼ਾ ਪੂਰੀ ਨਹੀਂ ਕੀਤੀ ਹੈ ਤਾਂ ਉਸ ਨੂੰ ਐਮਰਜੈਂਸੀ ਪੈਰੋਲ ’ਤੇ ਰਿਹਾਅ ਨਹੀਂ ਕੀਤਾ ਜਾ ਸਕਦਾ।
