ਧਮਾਕੇ ਦਾ CCTV ਫੁਟੇਜ ਵੀ ਆਇਆ ਸਾਹਮਣੇ
Chandigarh News : ਚੰਡੀਗੜ੍ਹ ਦੇ ਸੈਕਟਰ -10 ਸਥਿਤ ਇਕ ਕੋਠੀ 'ਤੇ ਹਮਲਾ ਕੀਤਾ ਗਿਆ ਹੈ। ਇੱਥੇ ਕੋਠੀ ਨੰਬਰ 575 ਦੇ ਅੰਦਰ ਵਿਸਫੋਟਕ ਯੰਤਰ ਸੁੱਟਿਆ ਗਿਆ ਸੀ, ਜਿਸ ਨਾਲ ਜ਼ਬਰਦਸਤ ਧਮਾਕਾ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਖੁਫੀਆ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਵਿੱਚ ਮੌਕੇ ਤੋਂ ਇੱਕ ਸ਼ੱਕੀ ਆਟੋ ਆਉਂਦਾ ਦਿਖਾਈ ਦੇ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਵਿਸਫੋਟਕ ਯੰਤਰ ਸੁੱਟਣ ਵਾਲੇ ਆਰੋਪੀ ਇਸ 'ਚ ਬੈਠ ਕੇ ਆਏ ਸੀ। ਇਹ ਘਟਨਾ ਬੁੱਧਵਾਰ ਸ਼ਾਮ ਕਰੀਬ 6 ਵਜੇ ਵਾਪਰੀ।
ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੋਠੀ ਦੇ ਅੰਦਰ ਧਮਾਕਾ ਹੋਣ ਤੋਂ ਬਾਅਦ ਇੱਕ ਆਟੋ ਉਸ ਗਲੀ ਵਿੱਚੋਂ ਬਾਹਰ ਆ ਰਿਹਾ ਹੈ। ਇਸ ਤੋਂ ਪਹਿਲਾਂ ਇੱਕ ਵਿਅਕਤੀ ਕੋਠੀ ਵਾਲੇ ਪਾਸੇ ਤੋਂ ਭੱਜ ਕੇ ਆਟੋ ਵਿੱਚ ਬੈਠਾ ਨਜ਼ਰ ਆਉਂਦਾ ਹੈ। ਇਸ ਤੋਂ ਜਾਪਦਾ ਹੈ ਕਿ ਆਟੋ 'ਚ ਆਏ ਵਿਅਕਤੀਆਂ ਨੇ ਘਰ ਦੇ ਅੰਦਰ ਹੀ ਵਿਸਫੋਟਕ ਯੰਤਰ ਸੁੱਟਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਆਟੋ ਵਿੱਚ ਤਿੰਨ ਲੋਕ ਸਵਾਰ ਸਨ। ਇਨ੍ਹਾਂ ਤਿੰਨਾਂ ਨੇ ਸੈਕਟਰ 10 ਦੇ ਮਕਾਨ ਨੰਬਰ 575 'ਚ ਵਿਸਫੋਟਕ ਯੰਤਰ ਸੁੱਟਿਆ ਸੀ। ਇਹ ਘਟਨਾ ਬੁੱਧਵਾਰ ਸ਼ਾਮ ਕਰੀਬ 6 ਵਜੇ ਵਾਪਰੀ। ਘਰ ਵਿੱਚ ਰਹਿਣ ਵਾਲਾ ਪਰਿਵਾਰ ਸੁਰੱਖਿਅਤ ਹੈ। ਦੱਸਿਆ ਜਾ ਰਿਹਾ ਹੈ ਕਿ ਵਿਸਫੋਟਕ ਯੰਤਰ ਘਰ ਦੇ ਲਾਅਨ 'ਚ ਫਟਿਆ। ਇਸ ਧਮਾਕੇ ਕਾਰਨ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।
ਜਾਂਚ ਵਿੱਚ ਜੁਟੀਆਂ ਏਜੰਸੀਆਂ
ਧਮਾਕੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਏਜੰਸੀਆਂ ਮੌਕੇ 'ਤੇ ਪਹੁੰਚ ਗਈਆਂ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਪੁਲਿਸ ਅਤੇ ਜਾਂਚ ਏਜੰਸੀ ਇਸ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਵਿੱਚ ਜੁਟੀ ਹੋਈ ਹੈ। ਏਜੰਸੀਆਂ ਮੁਤਾਬਕ ਦੇਸ਼ ਤੋਂ ਬਾਹਰ ਬੈਠੇ ਕੋਈ ਗਰੁੱਪ ਸ਼ਾਮਲ ਹੋ ਸਕਦੇ ਹਨ। ਜਾਂਚ ਤੋਂ ਬਾਅਦ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਨਿਸ਼ਾਨੇ 'ਤੇ ਸੀ ਦੂਜਾ ਪਰਿਵਾਰ
ਸੂਤਰਾਂ ਮੁਤਾਬਕ ਜਿਸ ਘਰ 'ਚ ਵਿਸਫੋਟਕ ਯੰਤਰ ਸੁੱਟਿਆ ਗਿਆ, ਉਹ ਪਰਿਵਾਰ ਨਿਸ਼ਾਨੇ 'ਤੇ ਨਹੀਂ ਸੀ। ਪਹਿਲਾਂ ਇਸ ਘਰ ਵਿੱਚ ਕੋਈ ਵਿਅਕਤੀ ਰਹਿੰਦਾ ਸੀ ਅਤੇ ਉਹ ਨਿਸ਼ਾਨੇ 'ਤੇ ਸੀ। ਲੱਗਦਾ ਹੈ ਕਿ ਹਮਲੇ ਦਾ ਟਾਸਕ ਪਹਿਲਾਂ ਦਿੱਤਾ ਗਿਆ ਸੀ। ਜਿਸ ਨੂੰ ਕਾਫੀ ਸਮੇਂ ਬਾਅਦ ਅੰਜਾਮ ਦਿੱਤਾ ਗਿਆ।
ਪਹਿਲਾਂ ਕੋਠੀ ਵਿੱਚ ਰਹਿੰਦਾ ਸੀ ਪੰਜਾਬ ਪੁਲੀਸ ਦਾ ਸੇਵਾਮੁਕਤ ਐਸਐਸਪੀ
ਜਿਸ ਕੋਠੀ 'ਚ ਬਲਾਸਟ ਹੋਇਆ ,ਉਸ 'ਚ ਪਹਿਲਾਂ ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ ਐਸਐਸਪੀ ਦਾ ਪਰਿਵਾਰ ਰਹਿੰਦਾ ਸੀ। ਅਜਿਹੀ ਸੂਚਨਾ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਗੈਂਗਸਟਰ ਤੋਂ ਖਤਰੇ ਦੀ ਉਨ੍ਹਾਂ ਨੂੰ ਖੁਫੀਆ ਜਾਣਕਾਰੀ ਮਿਲੀ ਸੀ। ਹਾਲਾਂਕਿ, ਜਦੋਂ ਤੱਕ ਰਿੰਦਾ ਗੈਂਗ ਹਮਲੇ ਦੀ ਯੋਜਨਾ ਬਣਾ ਰਿਹਾ ਸੀ, ਉਦੋਂ ਤੱਕ ਸੇਵਾਮੁਕਤ ਐੱਸਐੱਸਪੀ ਦਾ ਪਰਿਵਾਰ ਉੱਥੋਂ ਚਲਾ ਗਿਆ ਸੀ।