
7 ਜਨਵਰੀ ਨੂੰ ਆਗੂਆਂ ਨੇ ਕੀਤਾ ਸੀ ਪ੍ਰਦਰਸ਼ਨ
ਚੰਡੀਗੜ੍ਹ ਪੁਲਿਸ ਨੇ ਕੌਮੀ ਇਨਸਾਫ਼ ਮੋਰਚੇ ਦੇ ਕਾਰਕੁਨਾਂ ਵਿਰੁਧ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਕੁਝ 'ਤੇ ਬਾਏ ਨੇਮ ਤੇ ਕੁਝ ਅਗਿਆਤ 70-80 ਵਿਰੁਧ 223, 125 ਤੇ 126 (2) ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਮੁਹਾਲੀ ਦੇ ਵਾਈਪੀਐੱਸ ਚੌਂਕ 'ਤੇ ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਦਰਸ਼ਨ ਚੱਲ ਰਿਹਾ ਹੈ।
ਜਿਨ੍ਹਾਂ ਦੀ ਮੰਗ ਹੈ ਕਿ ਖਾੜਕੂਵਾਦ ਦੌਰਾਨ ਕੁਝ ਨੌਜਵਾਨ ਭਾਵਨਾਵਾਂ ਵਿਚ ਵਹਿ ਕੇ ਹਥਿਆਰਬੰਦ ਦੇ ਰਸਤੇ 'ਤੇ ਚੱਲ ਪਏ ਸਨ ਜਿਨ੍ਹਾਂ ਨੂੰ ਸਰਕਾਰਾਂ ਨੇ ਘੋਰ ਅਪਰਾਧੀ ਬਣਾ ਕੇ ਜੇਲਾਂ ਵਿਚ ਡੱਕ ਦਿੱਤਾ ਸੀ। ਮੋਰਚੇ ਦੇ ਆਗੂਆਂ ਦਾ ਦੋਸ਼ ਹੈ ਕਿ ਭਾਵੇਂ ਉਨ੍ਹਾਂ ਨੌਜਵਾਨਾਂ ਨੇ ਆਪਣੀਆਂ ਸਜ਼ਾਵਾਂ ਬਹੁਤ ਸਮਾਂ ਪਹਿਲਾਂ ਪੂਰੀਆਂ ਕਰ ਲਈਆਂ ਸਨ ਪਰ ਸਰਕਾਰ ਅਜੇ ਵੀ ਉਨ੍ਹਾਂ ਨੂੰ ਜੇਲਾਂ ਵਿਚੋਂ ਬਾਹਰ ਕੱਢਣ ਲਈ ਤਿਆਰ ਨਹੀਂ ਹੈ।
ਇਸ ਮੋਰਚੇ ਨੇ ਦੂਜਾ ਰੂਪ ਉਦੋਂ ਧਾਰਨ ਕਰ ਲਿਆ ਜਦੋਂ ਐਮਪੀ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ ਭੇਜ ਦਿੱਤਾ ਤੇ ਕੁਝ ਲੋਕਾਂ ਨੇ ਉਸ ਨੂੰ ਵੀ ਬੰਦੀ ਸਿੰਘ ਦਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਅਤੇ ਇਸੇ ਤਹਿਤ ਉਨ੍ਹਾਂ ਨੇ ਮੁੱਖ ਮੰਤਰੀ ਦੀ ਕੋਠੀ ਕਰਨ ਦਾ ਐਲਾਨ ਕਰ ਦਿੱਤਾ।
ਬੀਤੀ 7 ਜਨਵਰੀ ਨੂੰ ਇਹ ਲੋਕ ਚੋਰੀ ਛਿਪੇ ਚੰਡੀਗੜ੍ਹ ਵਿਚ ਦਾਖ਼ਲ ਹੋ ਗਏ ਜਿਥੇ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ। ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਬਲ ਪ੍ਰਯੋਗ ਕੀਤਾ ਤੇ ਉਨ੍ਹਾਂ ਨੂੰ ਉਥੋਂ ਖਦੇੜ ਦਿੱਤਾ। ਹੁਣ ਪੁਲਿਸ ਨੇ ਉਨ੍ਹਾਂ ਦੀ ਪਹਿਚਾਣ ਕਰਕੇ ਮਾਮਲਾ ਦਰਜ ਕਰ ਲਿਆ।