ਮੁਹਾਲੀ ਪੁਲਿਸ ਨੂੰ ਦਿਤੀ ਸ਼ਿਕਾਇਤ
Chandigarh News: ਸ਼ਨਿਚਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ 38 'ਚ ਖੜ੍ਹੀ ਇਕ ਇਨੋਵਾ ਕ੍ਰਿਸਟਾ ਗੱਡੀ ਦੇ ਮਾਲਕ ਨੂੰ ਮੁਹਾਲੀ 'ਚ ਚਲਾਨ ਹੋਣ ਦਾ ਸੁਨੇਹਾ ਮਿਲਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਉਸ ਨੂੰ ਚਲਾਨ ਭੁਗਤਾਨ ਦਾ ਸੁਨੇਹਾ ਵੀ ਆਇਆ ਪਰ ਗੱਡੀ ਕੇ ਮਾਲਕ ਉਮਾਕਾਂਤ ਦਾ ਕਹਿਣਾ ਹੈ ਕਿ ਜਿਸ ਸਮੇਂ ਇਹ ਚਲਾਨ ਜਾਰੀ ਕੀਤਾ ਗਿਆ ਹੈ, ਉਸ ਸਮੇਂ ਉਨ੍ਹਾਂ ਦੀ ਕਾਰ ਚੰਡੀਗੜ੍ਹ ਦੇ ਸੈਕਟਰ 38 ਦੇ ਦਫ਼ਤਰ ਦੇ ਬਾਹਰ ਖੜ੍ਹੀ ਸੀ।
ਉਹ ਉਸ ਸਮੇਂ ਮੁਹਾਲੀ ਗਿਆ ਹੀ ਨਹੀਂ ਸੀ। ਉਸ ਨੇ ਸ਼ੱਕ ਜਤਾਇਆ ਕਿ ਇਹ ਸੰਭਵ ਹੈ ਕਿ ਕੋਈ ਵਿਅਕਤੀ ਉਸ ਦੇ ਵਾਹਨ ਨੰਬਰ ਦੀ ਦੁਰਵਰਤੋਂ ਕਰ ਰਿਹਾ ਹੈ। ਉਸ ਨੇ ਇਸ ਦੀ ਸ਼ਿਕਾਇਤ ਮੁਹਾਲੀ ਪੁਲਿਸ ਨੂੰ ਦਿਤੀ ਹੈ। ਰਿਕਾਰਡ ਅਨੁਸਾਰ ਇਹ ਚਲਾਨ ਮੁਹਾਲੀ ਦੇ ਏਅਰਪੋਰਟ ਰੋਡ ’ਤੇ ਟ੍ਰੈਫਿਕ ਜ਼ੋਨ-3 ਵਿਚ ਜਾਰੀ ਕੀਤਾ ਗਿਆ ਸੀ। ਸੁਨੇਹੇ ਮੁਤਾਬਕ ਟ੍ਰੈਫਿਕ ਲਾਈਟਾਂ ਦੀ ਉਲੰਘਣਾ ਕਰਨਾ, ਪੁਲਿਸ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨ ਅਤੇ ਸੂਚਨਾ ਦੇਣ ਤੋਂ ਇਨਕਾਰ ਕਰਨ 'ਤੇ ਇਹ ਚਲਾਨ ਜਾਰੀ ਕੀਤਾ ਗਿਆ ਹੈ। ਜਦਕਿ ਵਾਹਨ ਮਾਲਕ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਲੋਂ ਅਜਿਹਾ ਕੁੱਝ ਨਹੀਂ ਹੋਇਆ ਹੈ।
ਪੰਜਾਬ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਉਸ ਨੇ ਕਿਹਾ ਹੈ ਕਿ ਪੁਲਿਸ ਚੰਡੀਗੜ੍ਹ ਵਿਚ ਉਸ ਦੇ ਦਫ਼ਤਰ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਸਕਦੇ ਹਨ। ਉਹ 2:45 ਤੋਂ ਬਾਅਦ ਕਿਤੇ ਵੀ ਦਫ਼ਤਰ ਤੋਂ ਬਾਹਰ ਨਹੀਂ ਗਿਆ।
ਕਾਰ ਮਾਲਕ ਉਮਾਕਾਂਤ ਨੇ ਦਸਿਆ ਕਿ ਉਹ ਦਿਨ ਵੇਲੇ ਡੇਰਾਬੱਸੀ ਗਿਆ ਸੀ, ਪਰ ਉਹ ਜ਼ੀਰਕਪੁਰ ਰਾਹੀਂ ਦੁਪਹਿਰ 2 ਵਜੇ ਚੰਡੀਗੜ੍ਹ ਪਰਤਿਆ। ਇਸ ਤੋਂ ਬਾਅਦ ਉਹ ਚੰਡੀਗੜ੍ਹ ਸਥਿਤ ਅਪਣੇ ਘਰ ਚਲਾ ਗਿਆ ਅਤੇ ਫਿਰ 2:45 'ਤੇ ਦਫਤਰ ਦੇ ਬਾਹਰ ਕਾਰ ਖੜ੍ਹੀ ਕਰ ਦਿਤੀ ਪਰ ਉਹ ਏਅਰਪੋਰਟ ਰੋਡ 'ਤੇ ਨਹੀਂ ਗਿਆ ਜਿਥੇ ਇਹ ਚਲਾਨ ਦਸਿਆ ਜਾਂਦਾ ਹੈ। ਫਿਰ ਇਹ ਚਲਾਨ ਕਿਵੇਂ ਹੋ ਸਕਦਾ ਹੈ?
ਉਧਰ ਚੰਡੀਗੜ੍ਹ ਦੇ ਡੀ.ਸੀ.ਪੀ. ਟ੍ਰੈਫਿਕ ਮਹੇਸ਼ ਕੁਮਾਰ ਨੇ ਦਸਿਆ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਚਲਾਨ ਸਬੰਧੀ ਸ਼ਿਕਾਇਤ ਮਿਲੀ ਹੈ। ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਏਅਰਪੋਰਟ ਰੋਡ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੀ ਮਾਮਲੇ 'ਚ ਕੁੱਝ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਉਕਤ ਚਲਾਨ ਏਅਰਪੋਰਟ ਰੋਡ 'ਤੇ ਟ੍ਰੈਫਿਕ ਜ਼ੋਨ-3 ਵਿਚ ਜਾਰੀ ਕੀਤਾ ਗਿਆ ਸੀ ਅਤੇ ਭੁਗਤਾਨ ਵੀ ਕਰ ਦਿਤਾ ਗਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।