ਹਿੰਦੂ ਸੰਗਠਨਾਂ ਨੇ ਨਾਕਾ ਲਗਾ ਕੇ ਫੜਿਆ ਸ਼ੱਕੀ ਮਾਸ, ਮਾਹੌਲ ਹੋਇਆ ਤਣਾਅਪੂਰਨ
ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 25 ਸਥਿਤ ਕਬਰਿਸਤਾਨ ਦੇ ਨੇੜੇ ਸ਼ੁੱਕਰਵਾਰ ਨੂੰ ਸਵੇਰੇ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ, ਜਦੋਂ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਕਥਿਤ ਤੌਰ 'ਤੇ ਗਊ ਮਾਸ ਦੀ ਸਪਲਾਈ ਕਰਦੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ । ਮੌਕੇ 'ਤੇ ਭਾਰੀ ਹੰਗਾਮਾ ਹੋਣ ਮਗਰੋਂ ਪੁਲਿਸ ਨੂੰ ਬੁਲਾਇਆ ਗਿਆ।
ਵਿਸ਼ਵ ਹਿੰਦੂ ਪ੍ਰੀਸ਼ਦ ਚੰਡੀਗੜ੍ਹ ਦੇ ਆਗੂ ਅੰਕੁਸ਼ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਕੋਲ ਪਹਿਲਾਂ ਤੋਂ ਹੀ ਪੱਕੀ ਸੂਚਨਾ ਸੀ ਕਿ ਇੱਥੇ ਗਊ ਮਾਸ ਦੀ ਸਪਲਾਈ ਹੋਣ ਵਾਲੀ ਹੈ । ਇਸ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਨੇ ਗਊ ਰੱਖਿਆ ਦਲ ਦੇ ਅਹੁਦੇਦਾਰਾਂ ਵਿਕਾਸ ਸ਼ਰਮਾ, ਰੋਹਿਤ ਰਾਓ, ਸੁਨੀਲ ਬਗੜੀ, ਸੋਨੂ, ਅਮਿਤ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਸਵੇਰੇ ਹੀ ਇਲਾਕੇ ਵਿੱਚ ਡੇਰਾ ਲਗਾ ਲਿਆ ਸੀ।
ਜਾਣਕਾਰੀ ਮੁਤਾਬਕ ਇੱਕ ਵਿਅਕਤੀ ਆਟੋ ਰਿਕਸ਼ਾ ਵਿੱਚ ਸਵਾਰ ਹੋ ਕੇ ਆਇਆ ਅਤੇ ਕਬਰਿਸਤਾਨ ਦੇ ਅੰਦਰ ਕੁਝ ਸਮਾਨ ਦੇ ਕੇ ਵਾਪਸ ਜਾਣ ਲੱਗਾ । ਇਸ ਦੌਰਾਨ 25/38 ਦੇ ਲਾਈਟ ਪੁਆਇੰਟ ਤੋਂ ਪਹਿਲਾਂ ਹੀ ਹਿੰਦੂ ਸੰਗਠਨਾਂ ਦੇ ਕਾਰਕੁਨਾਂ ਨੇ ਉਸ ਨੂੰ ਘੇਰ ਲਿਆ । ਤਲਾਸ਼ੀ ਲੈਣ 'ਤੇ ਉਸ ਕੋਲੋਂ ਇੱਕ ਬੋਰੀ ਵਿੱਚ ਮਾਸ ਬਰਾਮਦ ਹੋਇਆ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਮੁਲਜ਼ਮ ਨੂੰ ਫੜ ਕੇ ਸੈਕਟਰ 24 ਸਥਿਤ ਪੁਲਿਸ ਚੌਂਕੀ ਲਿਜਾਇਆ ਗਿਆ ਹੈ, ਜਿੱਥੇ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ । ਅੰਕੁਸ਼ ਗੁਪਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਪਹਿਲਾਂ ਸੈਕਟਰ 27 ਵਿੱਚ ਮਾਸ ਦੀ ਸਪਲਾਈ ਕਰਕੇ ਆਇਆ ਸੀ ਅਤੇ ਅੱਗੇ ਜੁਝਾਰਨਗਰ (ਮੋਹਾਲੀ ਬਾਰਡਰ ਨੇੜੇ) ਵੱਲ ਜਾ ਰਿਹਾ ਸੀ । ਖਬਰ ਫੈਲਦਿਆਂ ਹੀ ਪੁਲਿਸ ਚੌਂਕੀ ਦੇ ਬਾਹਰ ਵੱਡੀ ਗਿਣਤੀ ਵਿੱਚ ਹਿੰਦੂ ਸੰਗਠਨਾਂ ਦੇ ਕਾਰਕੁਨ ਇਕੱਠੇ ਹੋ ਗਏ ਹਨ । ਮੌਕੇ 'ਤੇ ਵਿਹਿਪ ਦੇ ਵਿਭਾਗ ਮੰਤਰੀ ਪ੍ਰਦੀਪ ਸ਼ਰਮਾ ਵੀ ਮੌਜੂਦ ਹਨ । ਪੁਲਿਸ ਨੇ ਕਬਰਿਸਤਾਨ ਦੇ ਅੰਦਰੋਂ ਵੀ ਤਲਾਸ਼ੀ ਲੈ ਕੇ ਮਾਸ ਜ਼ਬਤ ਕਰਨ ਦੀ ਕਾਰਵਾਈ ਕੀਤੀ ਹੈ।
