
ਕਿਹਾ, BBMB ਧੱਕੇ ਨਾਲ ਖੋਹ ਕੇ ਪੰਜਾਬ ਦਾ ਪਾਣੀ ਹਰਿਆਣਾ ਨੂੰ ਕਿਉਂ ਦੇ ਰਿਹੈ?
ਪਾਣੀ ਨੂੰ ਲੈ ਕੇ ਪੰਜਾਬ ਦੇ ਹਰਿਆਣਾ ਦਾ ਮਸਲਾ ਬਹੁਤ ਪੁਰਾਣਾ ਹੈ। ਪਰ ਹੁਣ ਹਰਿਆਣਾ ਵਲੋਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਪੀਣ ਵਾਲਾ ਪਾਣੀ ਚਾਹੀਦਾ ਹੈ ਤੇ ਇਕ ਵੱਡਾ ਹੰਗਾਮਾ ਖੜਾ ਹੋ ਗਿਆ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਕਿਹਾ ਕਿ ਅਸੀਂ ਪੰਜਾਬ ਦਾ ਪਾਣੀ ਹਰਿਆਣਾ ਨੂੰ ਨਹੀਂ ਦੇਵਾਂਗੇ। ਇਸੇ ਮੁੱਦੇ ’ਤੇ ਡਾ. ਪਿਆਰੇ ਲਾਲ ਗਰਗ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਾਰ-ਵਾਰ ਕਹਿ ਰਹੇ ਹਨ ਕਿ ਸਾਨੂੰ ਪੰਜਾਬ ’ਚੋਂ ਪੀਣ ਵਾਲਾ ਪਾਣੀ ਦੇ ਦਿਉ।
ਹੁਣ ਗੱਲ ਇਹ ਹੈ ਕਿ ਪਾਣੀ ਇਕੱਲਾ ਪੰਜਾਬ ਵਿਚ ਤਾਂ ਵਗਦਾ ਨਹੀਂ, ਪਾਣੀ ਗੰਗਾ, ਯਮੁਨਾ ਆਦਿ ਹੋਰ ਨਦੀਆਂ ਵਿਚ ਵੀ ਵਗਦਾ ਹੈ। ਹਰਿਆਣਾ ਉਧਰ ਤੋਂ ਵੀ ਪਾਣੀ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੋਰਟ ਵਿਚ ਕਿਹਾ ਕਿ ਹਰਿਆਣਾ ਸਾਡੇ ਤੋਂ ਝੂਠ ਬੋਲ ਕੇ ਪਾਣੀ ਮੰਗ ਰਿਹਾ ਹੈ। ਇਨ੍ਹਾਂ ਨੂੰ ਪੀਣ ਲਈ ਪਾਣੀ 35 ਕਿਊਸਕ ਚਾਹੀਦਾ ਹੈ। ਜੇ ਇਨ੍ਹਾਂ ਦੇ ਕਪੜੇ ਧੋਣ ਜਾਂ ਪਸ਼ੂਆਂ ਲਈ ਵੀ ਕੁੱਲ 1700 ਕਿਊਸਕ ਦੇ ਲਗਭਗ ਚਾਹੀਦਾ ਹੈ। ਅਸੀਂ ਆਪਣੇ ਹਿੱਸੇ ’ਚੋਂ 4000 ਕਿਊਸਕ ਪਹਿਲਾਂ ਹੀ ਦੇ ਰਹੇ ਹਾਂ। ਇਸ ਕਰ ਕੇ ਇਨ੍ਹਾਂ ਦਾ ਹੋਰ ਪਾਣੀ ’ਤੇ ਕੋਈ ਹੱਕ ਨਹੀਂ ਬਣਦਾ ਤੇ ਆਪਣੀ ਗ਼ਲਤ ਬਿਆਨਬਾਜ਼ੀ ਬੰਦ ਕਰਨ।
ਉਨ੍ਹਾਂ ਕਿਹਾ ਕਿ ਬੀਬੀਐਮਬੀ ਧੱਕੇ ਨਾਲ ਪੰਜਾਬ ਦਾ ਪਾਣੀ ਹਰਿਆਣੇ ਦੇਣਾ ਚਾਹੁੰਦਾ ਹੈ। ਜਦ ਕਿ ਬੀਬੀਐਮਬੀ ਦਾ ਕੰਮ ਪਾਣੀ ਛੱਡਣਾ ਹੈ ਨਾ ਕਿ ਵੰਡ ਕਰਨਾ। ਇਹ ਇਕ ਐਕਟ ਵਿਚ ਲਿਖਿਆ ਹੋਇਆ ਹੈ। ਬੀਬੀਐਮਬੀ ਕਹਿੰਦਾ ਹੈ ਕਿ ਅਸੀਂ ਵੋਟਾਂ ਪਵਾ ਲਈਆਂ ਹਨ, ਜੇ ਵੋਟਾਂ ਨਾਲ ਪਾਣੀ ਮਿਲਦਾ ਹੁੰਦਾ ਤਾਂ ਕਦੋਂ ਦਾ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇ ਦਿਤਾ ਜਾਂਦਾ। ਉਨ੍ਹਾਂ ਕਿਹਾ ਕਿ ਮਲਕੀਅਤ ਵੋਟਾਂ ਨਾਲ ਨਹੀਂ ਵੰਡੀ ਜਾਂਦੀ, ਮਲਕੀਅਤ ਕਾਗ਼ਜਾਂ ਤੇ ਕਾਨੂੰਨ ਨਾਲ ਤੈਅ ਹੁੰਦੀ ਹੈ। ਜੇ ਹਾਈ ਕੋਰਟ ਦਾ ਫ਼ੈਸਲਾ ਕਾਇਮ ਰਹਿੰਦਾ ਹੈ ਤਾਂ ਫਿਰ ਵੀ ਹਰਿਆਣਾ ਨੂੰ ਪਾਣੀ ਨਹੀਂ ਮਿਲਦਾ।
ਜਦੋਂ ਹਾਈ ਕੋਰਟ ਨੇ ਹੀ ਕਹਿ ਦਿਤਾ ਕਿ ਪਾਣੀ ਪੰਜਾਬ ਦਾ ਹੈ ਤੁਹਾਨੂੰ ਨਹੀਂ ਮਿਲਦਾ ਤਾਂ ਫਿਰ ਹਾਈ ਕੋਰਟ ਦਾ ਫ਼ੈਸਲਾ ਕੌਣ ਟਾਲ ਸਕਦਾ ਹੈ। ਮੈਨੂੰ ਪੰਜਾਬ ਦੀ ਕਿਸੇ ਵੀ ਪਾਰਟੀ ਦੇ ਕਿਸੇ ਆਗੂ ਤੋਂ ਕੋਈ ਉਮੀਦ ਨਹੀਂ। ਮੈਨੂੰ ਕੋਈ ਇਕ ਸਿਆਸੀ ਆਗੂ ਦੱਸ ਦਿਉ ਜੋ ਪੰਜਾਬ ਦੇ ਹੱਕ ਲਈ ਖੜ੍ਹਾ ਹੋਵੇ। ਸਾਰੇ ਆਪਣੇ ਘਰ ਭਰਨ ’ਚ ਲੱਗੇ ਹੋਏ ਹਨ।