
Chandigarh News: ਡੀ.ਐਸ.ਪੀ. ਟ੍ਰੈਫ਼ਿਕ ਵਲੋਂ ਆਦੇਸ਼ ਜਾਰੀ, ਜੇ ਕੋਈ ਮੁਲਾਜ਼ਮ ਤੋੜੇਗਾ ਆਵਾਜਾਈ ਨਿਯਮ ਤਾਂ ਉਸ ਨੂੰ ਲੱਗੇਗਾ ਦੁਗਣਾ ਜੁਰਮਾਨਾ
Chandigarh Police will now face heavy fines for violating traffic rules: ਚੰਡੀਗੜ੍ਹ ਵਿਚ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਪੁਲਿਸ ਆਮ ਆਦਮੀ ਨੂੰ ਚਲਾਨ ਜਾਰੀ ਕਰਦੀ ਹੈ ਪਰ ਹੁਣ ਚੰਡੀਗੜ੍ਹ ਪੁਲਿਸ ਵੀ ਇਸ ਦੇ ਦਾਇਰੇ ਵਿਚ ਆ ਗਈ ਹੈ। ਚੰਡੀਗੜ੍ਹ ਪੁਲਿਸ ਵਿਭਾਗ ਵਲੋਂ ਹੁਕਮ ਜਾਰੀ ਕੀਤਾ ਗਿਆ ਹੈ ਕਿ ਜੇ ਕੋਈ ਪੁਲਿਸ ਕਰਮਚਾਰੀ ਨਿਯਮਾਂ ਨੂੰ ਤੋੜਦਾ ਹੈ, ਤਾਂ ਉਸਨੂੰ ਦੁੱਗਣਾ ਜੁਰਮਾਨਾ ਭਰਨਾ ਪਵੇਗਾ। ਇੰਨਾ ਹੀ ਨਹੀਂ, ਉਸਦੇ ਖਿਲਾਫ ਵਿਭਾਗੀ ਜਾਂਚ ਵੀ ਸ਼ੁਰੂ ਕੀਤੀ ਜਾਵੇਗੀ। ਜੇ ਚੰਡੀਗੜ੍ਹ ਪੁਲਿਸ ਕਰਮਚਾਰੀ ਡਿਊਟੀ ਦੌਰਾਨ ਜਾਂ ਨਿਜੀ ਸਮੇਂ ਵਿਚ ਟ੍ਰੈਫ਼ਿਕ ਨਿਯਮਾਂ ਨੂੰ ਤੋੜਦੇ ਹਨ ਤਾਂ ਹੁਣ ਉਨ੍ਹਾਂ ਨੂੰ ਦੋਹਰੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।
ਡੀਐਸਪੀ ਟ੍ਰੈਫ਼ਿਕ ਐਡਮਿਨ ਅਤੇ ਸਾਊਥ ਵੈਸਟ ਚੰਡੀਗੜ੍ਹ ਵੱਲੋਂ ਜਾਰੀ ਹੁਕਮਾਂ ਵਿੱਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਪੁਲਿਸ ਕਰਮਚਾਰੀ ਭਾਵੇਂ ਵਰਦੀ ਵਿੱਚ ਹੋਣ ਜਾਂ ਸਿਵਲ ਡਰੈੱਸ ਵਿਚ, ਸਰਕਾਰੀ ਵਾਹਨ ਚਲਾ ਰਹੇ ਹੋਣ ਜਾਂ ਫਿਰ ਨਿਜੀ ਵਾਹਨ, ਕਿਸੇ ਵੀ ਹਾਲਤ ਵਿਚ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਜਾਣੀ ਚਾਹੀਦੀ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਹਾਲ ਹੀ ਦੇ ਸਮੇਂ ਵਿੱਚ ਕੁਝ ਮਾਮਲਿਆਂ ਵਿੱਚ, ਪੁਲਿਸ ਕਰਮਚਾਰੀ ਵਰਦੀ ਵਿੱਚ ਗੱਡੀ ਚਲਾਉਂਦੇ ਸਮੇਂ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਦੇ ਫੜੇ ਗਏ ਸਨ, ਜਿਨ੍ਹਾਂ ਦੀਆਂ ਤਸਵੀਰਾਂ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੋਈਆਂ ਸਨ। ਮੋਟਰ ਵਹੀਕਲ ਐਕਟ ਦੀ ਧਾਰਾ 210 (ਬੀ) ਤਹਿਤ ਜੇ ਕੋਈ ਇਨਫੋਰਸਮੈਂਟ ਅਥਾਰਟੀ ਨਿਯਮਾਂ ਨੂੰ ਤੋੜਦਾ ਹੈ, ਤਾਂ ਉਸ ਨੂੰ ਇਕ ਆਮ ਆਦਮੀ ਨਾਲੋਂ ਦੁੱਗਣਾ ਜੁਰਮਾਨਾ ਲਗਾਇਆ ਜਾਵੇਗਾ।
ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਜੇ ਕੋਈ ਪੁਲਿਸ ਕਰਮਚਾਰੀ ਇਸ ਨਿਯਮ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ, ਤਾਂ ਉਸ ਦੇ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਅਤੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਗੰਭੀਰਤਾ ਨਾਲ ਲਿਆ ਜਾਵੇਗਾ। ਹੁਣ ਭਾਵੇਂ ਹੈਲਮੇਟ ਨਾ ਪਾਉਣਾ ਹੋਵੇ, ਮੋਬਾਈਲ ’ਤੇ ਗੱਲ ਕਰਦੇ ਹੋਏ ਗੱਡੀ ਚਲਾਉਣਾ ਹੋਵੇ ਜਾਂ ਲਾਲ ਬੱਤੀ ਟੱਪਣਾ ਹੋਵੇ, ਜੇਕਰ ਕੋਈ ਪੁਲਿਸ ਵਾਲਾ ਹੋਵੇ ਤਾਂ ਬਚਣ ਦਾ ਕੋਈ ਮੌਕਾ ਨਹੀਂ ਹੋਵੇਗਾ। ਵਿਭਾਗ ਦਾ ਕਹਿਣਾ ਹੈ ਕਿ ਇਹ ਕਦਮ ਟ੍ਰੈਫ਼ਿਕ ਅਨੁਸ਼ਾਸਨ ਅਤੇ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹੈ।
ਚੰਡੀਗੜ੍ਹ ਤੋਂ ਨਵਿੰਦਰ ਸਿੰਘ ਬੜਿੰਗ, ਅਜੀਤ ਸਿੰਘ ਅਖਾੜਾ ਦੀ ਰਿਪੋਰਟ
(For more news apart from “Chandigarh Police will now face heavy fines for violating traffic rules, ” stay tuned to Rozana Spokesman.)