
ਵਿਸ਼ਾਲ ਨੂੰ ਗ੍ਰਨੇਡ ਹਮਲੇ ਦੌਰਾਨ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਸੀ
Chandigarh grenade blast : ਚੰਡੀਗੜ੍ਹ ਵਿੱਚ ਇੱਕ ਸੇਵਾਮੁਕਤ ਪੁਲੀਸ ਅਧਿਕਾਰੀ ਦੇ ਘਰ ਸ਼ੱਕੀ ਗ੍ਰਨੇਡ ਧਮਾਕੇ ਮਾਮਲੇ ਵਿੱਚ ਦੂਜੇ ਮੁਲਜ਼ਮ ਵਿਸ਼ਾਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਵਿਸ਼ਾਲ ਨੂੰ ਦਿੱਲੀ ਤੋਂ ਫੜਿਆ ਹੈ ,ਜੋ ਕਿ ਬਾਬਾ ਬਕਾਲਾ ਦਾ ਰਹਿਣ ਵਾਲਾ ਹੈ।
ਵਿਸ਼ਾਲ ਨੂੰ ਅੱਜ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਉਸ ਦਾ ਪੁਲਿਸ ਨੂੰ 20 ਸਤੰਬਰ ਤੱਕ ਦਾ ਰਿਮਾਂਡ ਹਾਸਲ ਹੋਇਆ। ਵਿਸ਼ਾਲ ਨੂੰ ਗ੍ਰਨੇਡ ਹਮਲੇ ਦੌਰਾਨ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਹ ਪੁਲਿਸ ਦੀ ਨਜ਼ਰ ਵਿੱਚ ਸੀ।
ਐਸਐਸਓਸੀ ਅਧਿਕਾਰੀ ਨੇ ਦੱਸਿਆ ਕਿ ਇਸ ਦੀ ਗ੍ਰਿਫਤਾਰੀ ਪਿਸਟਲ ਦੇ ਮਾਮਲੇ ਵਿੱਚ ਹੋਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਗ੍ਰਨੇਡ ਧਮਾਕਾ ਮਾਮਲੇ 'ਚ ਹੁਣ ਤੱਕ ਅਸੀਂ 4 ਦੋਸ਼ੀਆਂ ਨੂੰ ਕਾਬੂ ਕਰ ਚੁੱਕੇ ਹਾਂ। ਰਿਮਾਂਡ ਦੌਰਾਨ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਪਹਿਲਾਂ ਵੀ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਰੋਹਣ ਮਸੀਹ ਦੀ ਗ੍ਰਿਫਤਾਰੀ ਹੋਈ ਸੀ, ਜੋ ਕਿ ਅੰਮ੍ਰਿਤਸਰ ਦੇ ਪਿੰਡ ਪਛੀਆਂ ਦਾ ਰਹਿਣ ਵਾਲਾ ਸੀ।
ਦੱਸ ਦਈਏ ਕਿ ਬੁੱਧਵਾਰ ਸ਼ਾਮ ਕਰੀਬ 5.30 ਵਜੇ ਚੰਡੀਗੜ੍ਹ ਦੇ ਸੈਕਟਰ 10 'ਚ ਇਕ ਘਰ 'ਤੇ ਹੈਂਡ ਗ੍ਰਨੇਡ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਕਾਰਨ ਘਰ ਦੀਆਂ ਖਿੜਕੀਆਂ ਅਤੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਸ ਹਮਲੇ ਦਾ ਨਿਸ਼ਾਨਾ ਪੰਜਾਬ ਦੇ ਸੇਵਾਮੁਕਤ ਐੱਸਪੀ ਸਨ, ਜੋ ਕਈ ਅੱਤਵਾਦੀ ਮਾਮਲਿਆਂ ਦੀ ਜਾਂਚ ਕਰ ਚੁੱਕੇ ਹਨ।
ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਹਮਲਾ ਅਮਰੀਕਾ ਅਤੇ ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਅੱਤਵਾਦੀਆਂ ਦੀ ਸਾਜ਼ਿਸ਼ ਹੈ। ਸਾਲ 2023 'ਚ ਵੀ ਸਾਬਕਾ ਐੱਸਪੀ 'ਤੇ ਹਮਲੇ ਦੀ ਯੋਜਨਾ ਬਣਾਈ ਗਈ ਸੀ ਅਤੇ ਇਸ ਘਰ ਦੀ ਰੇਕੀ ਕੀਤੀ ਗਈ ਸੀ ਪਰ ਇਹ ਯੋਜਨਾ ਅਸਫਲ ਰਹੀ ਸੀ।
ਧਮਾਕੇ ਤੋਂ ਥੋੜ੍ਹੀ ਦੇਰ ਪਹਿਲਾਂ ਤਿੰਨ ਲੋਕ ਇੱਕ ਆਟੋਰਿਕਸ਼ਾ ਵਿੱਚ ਮੌਕੇ 'ਤੇ ਪਹੁੰਚੇ ਸਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਧਮਾਕੇ ਦੇ ਸਮੇਂ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਫੁਟੇਜ 'ਚ ਇਕ ਆਟੋਰਿਕਸ਼ਾ ਤੇਜ਼ੀ ਨਾਲ ਦੌੜਦਾ ਦਿਖਾਈ ਦੇ ਰਿਹਾ ਹੈ।
ਪਾਕਿਸਤਾਨ 'ਚ ਬੈਠੇ ਅੱਤਵਾਦੀ ਰਿੰਦਾ 'ਤੇ ਸ਼ੱਕ
ਸੂਤਰਾਂ ਅਨੁਸਾਰ ਸ਼ੱਕ ਹੈ ਕਿ ਪਾਕਿਸਤਾਨ ਵਿੱਚ ਬੈਠੇ ਰਿੰਦਾ ਅਤੇ USA ਵਿੱਚ ਬੈਠੇ ਹੈਪੀ ਪਚੀਆ ਨੇ ਆਪਣੇ ਸਥਾਨਕ ਸਲੀਪਰ ਸੈੱਲ ਰਾਹੀਂ ਚੰਡੀਗੜ੍ਹ ਦੀ ਕੋਠੀ ਵਿੱਚ ਹੈਂਡ ਗਰਨੇਡ ਹਮਲੇ ਨੂੰ ਅੰਜਾਮ ਦਿੱਤਾ ਹੈ। ਸੂਤਰਾਂ ਮੁਤਾਬਕ ਸ਼ੂਟਰਾਂ ਅਤੇ ਉਨ੍ਹਾਂ ਦੇ ਹੈਂਡਲਰਜ਼ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਸਾਬਕਾ ਐੱਸਪੀ ਸਾਲ 2023 'ਚ ਆਪਣੇ ਕਤਲ ਦੀ ਸਾਜ਼ਿਸ਼ ਦੇ ਖੁਲਾਸੇ ਤੋਂ ਬਾਅਦ ਇਹ ਕੋਠੀ ਛੱਡ ਕੇ ਚਲੇ ਗਏ ਸਨ।