
ਕਈ ਵਕੀਲਾਂ ਉਤੇ ਲਗਾਏ ਪ੍ਰਸ਼ਾਸਨਿਕ ਕੰਮ ਵਿਚ ਵਿਘਨ ਪਾਉਣ ਦੇ ਇਲਜ਼ਾਮ
Chandigarh News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਵਲੋਂ ਅੱਜ ਯਾਨੀ 16.04.2024 ਬਾਰ ਐਸੋਸੀਏਸ਼ਨ, ਚੰਡੀਗੜ੍ਹ ਦੀ ਜਨਰਲ ਹਾਊਸ ਦੀ ਮੀਟਿੰਗ ਸੱਦੀ ਗਈ। ਇਸ ਜਿਸ ਵਿਚ ਬਾਰ ਐਸੋਸੀਏਸ਼ਨ ਦੇ 3000 ਤੋਂ ਵੱਧ ਮੈਂਬਰਾਂ ਨੇ ਹਿੱਸਾ ਲਿਆ ਹੈ ਅਤੇ ਜਨਰਲ ਹਾਊਸ ਵਲੋਂ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ 9 ਅਪ੍ਰੈਲ 2024 ਨੂੰ ਹੋਈ ‘ਅਖੌਤੀ ਮੀਟਿੰਗ’ ਗੈਰ-ਕਾਨੂੰਨੀ ਹੈ। ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਨਿਯਮਾਂ ਵਿਰੁਧ ਸੀ।
ਇਸ ਤੋਂ ਇਲਾਵਾ ਜਨਰਲ ਹਾਊਸ ਵਿਚ ਮੈਂਬਰ ਅੰਜਲੀ ਕੁਕਰ, ਕਾਨੂ, ਚਰਨਜੀਤ ਕੌਰ ਅਤੇ ਦਵਿੰਦਰ ਸਿੰਘ ਜਿਨ੍ਹਾਂ ਨੇ 15 ਅਪ੍ਰੈਲ ਨੂੰ ਪ੍ਰਧਾਨ ਦਫ਼ਤਰ 'ਤੇ ਕਬਜ਼ਾ ਕਰ ਲਿਆ ਹੈ, ਦੇ ਵਿਵਹਾਰ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਸੁਨੀਤਾ ਬਿਸ਼ਨੋਈ, ਐਡਵੋਕੇਟ ਅਤੇ ਰਣਜੀਤ ਸਿੰਘ ਧਾਲੀਵਾਲ, ਐਡਵੋਕੇਟ ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਮੈਂਬਰ ਨਹੀਂ ਹਨ, ਵਿਰੁਧ ਕਾਨੂੰਨੀ ਕਾਰਵਾਈ ਕਰਨ ਲਈ ਐਸ.ਐਚ.ਓ, ਸੈਕਟਰ-3, ਚੰਡੀਗੜ੍ਹ ਨੂੰ ਪੱਤਰ ਭੇਜਿਆ ਜਾਵੇਗਾ। ਉਨ੍ਹਾਂ ਉਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ, ਚੰਡੀਗੜ੍ਹ ਦੇ ਪ੍ਰਸ਼ਾਸਨਿਕ ਕੰਮ ਵਿਚ ਵਿਘਨ ਪਾਉਣ ਦੇ ਇਲਜ਼ਾਮ ਹਨ।
ਇਸ ਤੋਂ ਇਲਾਵਾ ਜਨਰਲ ਹਾਊਸ ਨੇ ਇਕ ਸ਼ਿਕਾਇਤ ਕਮੇਟੀ ਦਾ ਗਠਨ ਕੀਤਾ ਹੈ ਜਿਸ ਵਿਚ ਆਰ.ਐਸ.ਚੀਮਾ ਸੀਨੀਅਰ ਐਡਵੋਕੇਟ, ਅਨੁਪਮ ਗੁਪਤਾ ਸੀਨੀਅਰ ਐਡਵੋਕੇਟ, ਰੁਪਿੰਦਰ ਸਿੰਘ ਖੋਸਲਾ ਸੀਨੀਅਰ ਐਡਵੋਕੇਟ, ਅਨੂ ਚਤਰਥ ਅਤੇ ਜੀ.ਕੇ.ਮਾਨ, ਸੀਨੀਅਰ ਐਡਵੋਕੇਟ ਸ਼ਾਮਲ ਹਨ।