ਵਿਕਾਸ ਅਤੇ ਰੋਹਿਤ ਸਿੰਘ ਰਾਵਤ ਵਾਸੀ ਮੁਹਾਲੀ ਵਜੋਂ ਹੋਈ ਪਛਾਣ
ਚੰਡੀਗੜ੍ਹ ਦੇ ਆਈਟੀ ਪਾਰਕ ਇਲਾਕੇ ਵਿੱਚ ਬੀਤੇ ਦਿਨ ਇੱਕ ਤੇਜ਼ ਰਫ਼ਤਾਰ ਬਾਈਕ ਕੰਟਰੋਲ ਗੁਆ ਬੈਠੀ ਅਤੇ ਸੜਕ ਕਿਨਾਰੇ ਲੱਗੇ ਖੰਭੇ ਨਾਲ ਟਕਰਾ ਗਈ। ਹਾਦਸੇ ਵਿਚ ਬਾਈਕ ਸਵਾਰ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਨੌਜਵਾਨਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ।
ਇਹ ਹਾਦਸਾ ਸ਼ੁੱਕਰਵਾਰ ਦੁਪਹਿਰ ਕਰੀਬ 3:30 ਵਜੇ ਆਈਟੀ ਪਾਰਕ ਕਿਸ਼ਨਗੜ੍ਹ ਚੌਕ ਤੋਂ ਸ਼ਾਸਤਰੀ ਨਗਰ ਵੱਲ ਜਾਣ ਵਾਲੀ ਸੜਕ 'ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਆਈਟੀ ਪਾਰਕ ਤੋਂ ਬਾਈਕ 'ਤੇ ਆ ਰਹੇ ਸਨ। ਜਿਵੇਂ ਹੀ ਉਹ ਕਿਸ਼ਨਗੜ੍ਹ ਚੌਕ ਤੋਂ ਸ਼ਾਸਤਰੀ ਨਗਰ ਸੜਕ ਵੱਲ ਮੁੜੇ, ਤੇਜ਼ ਰਫ਼ਤਾਰ ਕਾਰਨ ਬਾਈਕ ਸੜਕ ਕਿਨਾਰੇ ਲੱਗੇ ਖੰਭੇ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਦੋਵਾਂ ਨੌਜਵਾਨਾਂ ਦੇ ਹੈਲਮੇਟ ਚਕਨਾਚੂਰ ਹੋ ਗਏ।
ਹਾਦਸੇ ਵਿੱਚ ਦੋਵਾਂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਸੂਚਨਾ ਮਿਲਣ 'ਤੇ ਆਈਟੀ ਪਾਰਕ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਇੱਕ ਨੌਜਵਾਨ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਅਤੇ ਦੂਜੇ ਨੂੰ ਸੈਕਟਰ-32 ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਵਿਕਾਸ ਅਤੇ ਰੋਹਿਤ ਸਿੰਘ ਰਾਵਤ ਵਜੋਂ ਹੋਈ ਹੈ। ਦੋਵੇਂ ਗੋਵਿੰਦ ਨਗਰ, ਜਾਮਪੁਰ (ਮੋਹਾਲੀ) ਦੇ ਰਹਿਣ ਵਾਲੇ ਸਨ ਅਤੇ ਖਾਲਸਾ ਕਾਲਜ, ਸੈਕਟਰ 26, ਚੰਡੀਗੜ੍ਹ ਵਿੱਚ ਬੀਏ ਦੇ ਅੰਤਿਮ ਸਾਲ ਦੇ ਵਿਦਿਆਰਥੀ ਸਨ। ਆਈਟੀ ਪਾਰਕ ਪੁਲਿਸ ਸਟੇਸ਼ਨ ਦੇ ਅਨੁਸਾਰ, ਸ਼ੁਰੂਆਤੀ ਜਾਂਚ ਵਿੱਚ ਹਾਦਸੇ ਦਾ ਕਾਰਨ ਤੇਜ਼ ਰਫ਼ਤਾਰ ਕਾਰਨ ਬਾਈਕ ਦਾ ਕੰਟਰੋਲ ਤੋਂ ਬਾਹਰ ਹੋਣਾ ਮੰਨਿਆ ਜਾ ਰਿਹਾ ਹੈ।
ਪੁਲਿਸ ਨੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਗਿਆ ਹੈ। ਅੱਜ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
