ਜਗਜੀਤ ਸਿੰਘ ਤੇ ਲਵਪ੍ਰੀਤ ਸਿੰਘ ਵਜੋਂ ਹੋਈ ਮੁਲਜ਼ਮਾਂ ਦੀ ਪਛਾਣ, ਇਕ ਪਿਸਤੌਲ ਹੋਇਆ ਬਰਾਮਦ
ਜਲੰਧਰ : ਬੀਤੇ ਦਿਨੀਂ ਜਲੰਧਰ ਦੇ ਸੰਤੋਖਪੁਰਾ ਇਲਾਕੇ ’ਚ ਡਾਕਟਰ ਯਸ਼ਪਾਲ ਦੇ ਘਰ ਅਤੇ ਕਾਰ 'ਤੇ ਹੋਈ ਫਾਇਰਿੰਗ ਦੇ ਮਾਮਲੇ ਵਿਚ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਗ੍ਰਿਫ਼ਤਾਰੀ ਸਬੰਧੀ ਖੁਲਾਸਾ ਕੀਤਾ। ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਪਿੰਡ ਬਡਾਲਾ ਜੋਹਲ ਦੇ ਰਹਿਣ ਵਾਲੇ ਹਨ। ਪੁਲਸ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਜਗਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਇਕ ਮਾਮਲਾ ਦਰਜ ਹੈ।
ਜ਼ਿਕਰਯੋਗ ਹੈ ਕਿ 28 ਫਰਵਰੀ ਦੀ ਰਾਤ ਨੂੰ ਬਾਈਕ ਸਵਾਰ ਇਨ੍ਹਾਂ ਦੋਵਾਂ ਹਮਲਾਵਰਾਂ ਨੇ ਡਾਕਟਰ ਦੇ ਘਰ ਅਤੇ ਉਨ੍ਹਾਂ ਦੀ ਨਵੀਂ ਕਾਰ 'ਤੇ 10 ਗੋਲੀਆਂ ਚਲਾਈਆਂ ਸਨ । ਵਾਰਦਾਤ ਸਮੇਂ ਮੁਲਜ਼ਮਾਂ ਦੇ ਮੋਟਰਸਾਈਕਲ 'ਤੇ ਇਕ ਧਾਰਮਿਕ ਝੰਡਾ ਲੱਗਾ ਹੋਇਆ ਸੀ ਅਤੇ ਗੋਲੀਆਂ ਚਲਾਉਣ ਤੋਂ ਬਾਅਦ ਉਹ ਕਰਤਾਰਪੁਰ ਵੱਲ ਫਰਾਰ ਹੋ ਗਏ ਸਨ। ਪੁਲਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਦੇਰ ਰਾਤ ਕਾਬੂ ਕਰ ਲਿਆ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇਕ ਪਿਸਤੌਲ ਵੀ ਬਰਾਮਦ ਕੀਤਾ।
