
ਦੋਵੇਂ ਵਕੀਲ ਹੁਣ ਕਿਸੇ ਵੀ ਅਦਾਲਤ ਜਾਂ ਅਥਾਰਟੀ ਸਾਹਮਣੇ ਵਕੀਲ ਵਜੋਂ ਨਹੀਂ ਹੋ ਸਕਣਗੇ ਪੇਸ਼
Punjab-Haryana Bar Council news : ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਨੇ ਬੀਤੀ ਦੇਰ ਰਾਤ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਅਤੇ ਇੱਕ ਵਿਸ਼ੇਸ਼ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ। ਇਸ ਕਮੇਟੀ ਨੇ ਦੋ ਵਕੀਲਾਂ ਰਵਨੀਤ ਕੌਰ ਅਤੇ ਸਿਮਰਨਜੀਤ ਸਿੰਘ ਬਲਾਸੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਦੇ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦਾ ਹੁਕਮ ਪਾਸ ਕੀਤਾ ਹੈ। ਹੁਕਮਾਂ ਅਨੁਸਾਰ ਇਹ ਦੋਵੇਂ ਵਕੀਲ ਹੁਣ ਕਿਸੇ ਵੀ ਅਦਾਲਤ ਜਾਂ ਅਥਾਰਟੀ ਦੇ ਸਾਹਮਣੇ ਵਕੀਲ ਵਜੋਂ ਪੇਸ਼ ਨਹੀਂ ਹੋ ਸਕਣਗੇ ਅਤੇ ਨਾ ਹੀ ਉਹ ਵਕੀਲਾਂ ਵਾਲਾ ਪਹਿਰਾਵਾ ਪਹਿਨ ਸਕਣਗੇ।
ਬਾਰ ਕੌਂਸਲ ਨੇ ਸਪੱਸ਼ਟ ਕੀਤਾ ਕਿ ਉਹ ਅਦਾਲਤੀ ਕੰਪਲੈਕਸ ਵਿੱਚ ਅਨੁਸ਼ਾਸਨਹੀਣਤਾ ਅਤੇ ਪੇਸ਼ੇਵਰ ਆਚਰਣ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਬਣਾਈ ਰੱਖੇਗੀ। ਕਮੇਟੀ ਨੇ ਇਹ ਵੀ ਕਿਹਾ ਕਿ ਬਾਰ ਕੌਂਸਲ ਦੀ ਸ਼ਾਨ ਅਤੇ ਕਾਨੂੰਨੀ ਪੇਸ਼ੇ ਦੀ ਭਰੋਸੇਯੋਗਤਾ ਨੂੰ ਬਣਾਈ ਰੱਖਣ ਲਈ ਅਜਿਹੇ ਕਦਮ ਜ਼ਰੂਰੀ ਹਨ। ਇਸ ਹੁਕਮ ਦੇ ਨਾਲ ਦੋਵਾਂ ਵਕੀਲਾਂ ਨੂੰ ਤੁਰੰਤ ਪ੍ਰਭਾਵ ਨਾਲ ਪੇਸ਼ੇਵਰ ਗਤੀਵਿਧੀਆਂ ਤੋਂ ਰੋਕ ਦਿੱਤਾ ਗਿਆ ਹੈ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ’ਚ ਮਾਹੌਲ ਉਸ ਸਮੇਂ ਤਣਾਅਪੂਰਨ ਮਾਹੌਲ ਬਣ ਗਿਆ ਜਦੋਂ ਦੋ ਵਕੀਲਾਂ ਨੇ ਅਦਾਲਤ ਪਰਿਸਰ ’ਚ ਬਾਰ ਮੈਂਬਰਾਂ ’ਤੇ ਹਮਲਾ ਕਰ ਦਿੱਤਾ। ਇਸ ਮੌਕੇ ਇਕ ਵਕੀਲ ਵੱਲੋਂ ਬਾਰ ਕੌਂਸਲ ’ਚ ਤਲਵਾਰ ਲਹਿਰਾਈ ਗਈ। ਜਿਸ ਦੇ ਚਲਦਿਆਂ ਦੋ ਵਕੀਲਾਂ ਸਿਮਰਨਜੀਤ ਸਿੰਘ ਅਤੇ ਰਵਨੀਤ ਕੌਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਪੰਜਾਬ-ਹਰਿਆਣਾ ਬਾਰ ਕੌਂਸਲ ਵੱਲੋਂ ਦੋ ਵਕੀਲਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।