ਸਾਲ 2023 ’ਚ ਕਾਰੋਬਾਰੀ ਨੇ ਯੋਜਨਾ ’ਚ ਪੈਸਾ ਲਗਾਉਣ ਲਈ ਸਾਬਕਾ ਸੰਸਦ ਮੈਂਬਰ ਤੋਂ 8 ਕਰੋੜ ਰੁਪਏ ਲਏ ਸਨ
ਚੰਡੀਗੜ੍ਹ: ਜ਼ਿਲ੍ਹਾ ਅਦਾਲਤ ਨੇ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨਾਲ 8 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਕਾਰੋਬਾਰੀ ਚੈਤਨਿਆ ਅਗਰਵਾਲ ਵਿਰੁਧ ਐਫ.ਆਈ.ਆਰ. ਰੱਦ ਕਰ ਦਿਤੀ ਹੈ। ਸੋਮਵਾਰ ਨੂੰ ਖੇਰ ਦੇ ਵਕੀਲ ਨੇ ਸਾਬਕਾ ਸੰਸਦ ਮੈਂਬਰ ਦੀ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਵੀਡੀਉ ਕਾਨਫਰੰਸਿੰਗ ਰਾਹੀਂ ਸੁਣਵਾਈ ਲਈ ਅਦਾਲਤ ਵਿਚ ਅਰਜ਼ੀ ਦਿਤੀ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਸੀ।
ਸ਼ੁਕਰਵਾਰ ਨੂੰ ਖੇਰ ਨੇ ਵੀਡੀਉ ਕਾਨਫਰੰਸਿੰਗ ਰਾਹੀਂ ਅਦਾਲਤ ਨੂੰ ਬਿਆਨ ਦਿਤੇ ਅਤੇ ਕਿਹਾ ਕਿ ਦੋਵੇਂ ਧਿਰਾਂ ਸਮਝੌਤੇ ’ਤੇ ਪਹੁੰਚ ਗਈਆਂ ਹਨ। ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਲਈ ਐਫ.ਆਈ.ਆਰ. ਰੱਦ ਕੀਤੀ ਜਾਣੀ ਚਾਹੀਦੀ ਹੈ। ਇਸ ਆਧਾਰ ’ਤੇ ਪੁਲਿਸ ਨੇ ਐਫ.ਆਈ.ਆਰ. ਰੱਦ ਕਰਨ ਲਈ ਜ਼ਿਲ੍ਹਾ ਅਦਾਲਤ ’ਚ ਰੱਦ ਕਰਨ ਦੀ ਰੀਪੋਰਟ ਦਾਇਰ ਕੀਤੀ।
ਕੀ ਸੀ ਮਾਮਲਾ?
ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੇ ਸੈਕਟਰ-26 ਥਾਣਾ ਪੁਲਿਸ ਨੂੰ ਦਿਤੀ ਸ਼ਿਕਾਇਤ ’ਚ ਦਸਿਆ ਸੀ ਕਿ ਕਾਰੋਬਾਰੀ ਚੈਤਨਿਆ ਅਗਰਵਾਲ ਨੇ ਸਾਲ 2023 ’ਚ ਇਕ ਯੋਜਨਾ ’ਚ ਪੈਸਾ ਲਗਾਉਣ ਦੇ ਨਾਂ ’ਤੇ ਉਨ੍ਹਾਂ ਤੋਂ 8 ਕਰੋੜ ਰੁਪਏ ਲਏ ਸਨ। ਇਸ ਦੇ ਨਾਲ ਹੀ ਇਕ ਮਹੀਨੇ ’ਚ 18 ਫੀ ਸਦੀ ਵਿਆਜ ਦਾ ਪੈਸਾ ਵਾਪਸ ਕਰਨ ਦੀ ਗੱਲ ਕਹੀ ਗਈ ਸੀ। ਪੁਲਿਸ ਨੇ ਕਾਰੋਬਾਰੀ ਵਿਰੁਧ ਆਈ.ਪੀ.ਸੀ. ਦੀ ਧਾਰਾ 420 ਅਤੇ 406 ਤਹਿਤ ਕੇਸ ਦਰਜ ਕੀਤਾ ਸੀ। ਖੇਰ ਪਹਿਲਾਂ ਹੀ ਕਾਰੋਬਾਰੀ ’ਤੇ ਧੋਖਾਧੜੀ ਦਾ ਦੋਸ਼ ਲਗਾਉਣ ਤੋਂ ਬਾਅਦ ਮਾਮਲੇ ਵਿਚ ਪੈਸੇ ਵਾਪਸ ਲੈਣ ’ਤੇ ਸਮਝੌਤਾ ਕਰ ਚੁਕੇ ਹਨ। ਸਮਝੌਤੇ ’ਤੇ ਪਹੁੰਚਣ ਤੋਂ ਬਾਅਦ ਖੇਰ ਨੇ ਕਿਹਾ ਸੀ ਕਿ ਉਹ ਮਾਮਲੇ ’ਚ ਸੌਂਪੀ ਗਈ ਰੱਦ ਰੀਪੋਰਟ ਨਾਲ ਸਹਿਮਤ ਹਨ ਅਤੇ ਦੋਸ਼ੀਆਂ ਵਿਰੁਧ ਅੱਗੇ ਕੋਈ ਕਾਰਵਾਈ ਨਹੀਂ ਚਾਹੁੰਦੇ। ਸ਼ੁਕਰਵਾਰ ਨੂੰ ਸਾਬਕਾ ਸੰਸਦ ਮੈਂਬਰ ਖੇਰ ਨੇ ਅਦਾਲਤ ’ਚ ਵੀ.ਸੀ. ਰਾਹੀਂ ਕਿਹਾ ਕਿ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ। ਐਫ.ਆਈ.ਆਰ. ਰੱਦ ਕਰਨ ਦੀ ਮੰਗ ਕੀਤੀ।