
Chandigarh News : ਮੁਲਾਜ਼ਮ ਪਾਣੀ ਘਟਣ ਦਾ ਕਰਦੇ ਰਹੇ ਇੰਤਜ਼ਾਰ
Chandigarh News in Punjabi : ਚੰਡੀਗੜ੍ਹ ਦੇ ਵੀਵੀਆਈਪੀ ਸੈਕਟਰਾਂ ਵਿੱਚ ਅੱਜ ਸ਼ਾਮ ਤਿੰਨ ਵਜੇ ਦੇ ਕਰੀਬ ਤੇਜ਼ ਮੀਂਹ ਪਿਆ। ਤੇਜ਼ ਮੀਂਹ ਪੈਣ ਕਾਰਨ ਇੱਕ ਵਾਰ ਸੜਕਾਂ ਤਲਾਬ ਦਾ ਰੂਪ ਧਾਰਨ ਕਰ ਗਈਆਂ। ਤੇਜ਼ ਮੀਂਹ ਕਾਰਨ ਦੋ ਪਹੀਆਂ ਵਾਹਨ ਚਾਲਕ ਪਰੇਸ਼ਾਨੀ ਦੇ ਆਲਮ ਵਿੱਚ ਦੇਖੇ ਗਏ। ਇਸ ਦੌਰਾਨ ਖਾਸ ਗੱਲ ਇਹ ਰਹੀ ਕਿ ਅੱਧੇ ਚੰਡੀਗੜ੍ਹ ਸ਼ਹਿਰ ਵਿੱਚ ਮੀਹ ਪੈ ਰਿਹਾ ਸੀ ਅਤੇ ਅੱਧਾ ਸ਼ਹਿਰ ਸੁੱਕਾ ਸੀ। ਵਾਹਨ ਚਾਲਕਾਂ ਦਾ ਕਹਿਣਾ ਸੀ ਕਿ ਇੰਜ ਲੱਗਾ ਜਿਵੇਂ ਬੱਦਲ ਫਟ ਗਿਆ ਹੁੰਦਾ ਹੈ।
ਬੀਬੀਐਮਬੀ ਦਫ਼ਤਰ ਖ਼ੁਦ ਹੋਇਆ ਮੀਹ ਦੇ ਪਾਣੀ ਦਾ ਸ਼ਿਕਾਰ
ਇਸ ਤੋਂ ਇਲਾਵਾ ਬੀਬੀਐਮਬੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁੱਖ ਦਫਤਰ ਦੇ ਬਾਹਰ ਮੀਂਹ ਦਾ ਪਾਣੀ ਦਾਖ਼ਲ ਹੋਇਆ। ਬੀਬੀਐਮਬੀ ਦੇ ਮੁਲਾਜ਼ਮ ਪਾਣੀ ਘਟਣ ਦਾ ਇੰਤਜ਼ਾਰ ਕਰਦੇ ਰਹੇ ਤਾਂ ਕਿ ਜਲਦੀ ਘਰ ਜਾ ਸਕੀਏ। ਕਈ ਮੁਲਾਜ਼ਮ ਪਾਣੀ ਦੇ ਵਿੱਚੋਂ ਹੀ ਆਪਣੀਆਂ ਕਾਰਾਂ ਅਤੇ ਮੋਟਰਸਾਈਕਲ ਕੱਢ ਕੇ ਘਰਾਂ ਨੂੰ ਜਾਂਦੇ ਦੇਖੇ ਗਏ। ਸਥਾਨਕ ਲੋਕਾਂ ਨੇ ਕਿਹਾ ਕਿ ਭਾਖੜਾ ਬਿਆਸ ਪਾਣੀ ਦਾ ਪ੍ਰਬੰਧ ਕਰਨ ਵਾਲੇ ਬੋਰਡ ਦਾ ਮੁੱਖ ਦਫ਼ਤਰ ਖ਼ੁਦ ਮੀਹ ਦੇ ਪਾਣੀ ਦਾ ਸ਼ਿਕਾਰ ਹੋ ਗਿਆ।
ਉਥੇ ਹੀ ਚੰਡੀਗੜ੍ਹ ਦੇ ਪਿੰਡ ਕਿਸ਼ਨਗੜ੍ਹ ਵਿੱਚ ਵੀ ਮੀਹ ਕਾਰਨ ਚਾਰੇ ਪਾਸੇ ਜਲ ਥਲ ਹੋ ਗਈ। ਕਿਸ਼ਨਗੜ੍ਹ ਵਿੱਚ ਬਣੇ ਪੁਲ ਤੇ ਉੱਪਰ ਤੋਂ ਮੀਂਹ ਦਾ ਪਾਣੀ ਚੱਲਦਾ ਹੋਇਆ ਦਿਖਾਈ ਦਿੱਤਾ। ਮੀਂਹ ਪੈਣ ਕਾਰਨ ਕਈ ਐਕਟੀਵਾ ਅਤੇ ਮੋਟਰਸਾਈਕਲ ਸਵਾਰ ਮੀਂਹ ਕਾਰਨ ਸੜਕਾਂ ਉੱਤੇ ਫਸੇ ਨਜ਼ਰ ਆਏ। ਇੱਕਦਮ ਮੀਂਹ ਪੈਣ ਕਾਰਨ ਸੜਕਾਂ ਉੱਤੇ ਸਥਿਤੀ ਅਜਿਹੀ ਬਣ ਗਈ ਕਿ ਮੋਟਰਸਾਈਕਲ ਸਕੂਟਰ ਅਤੇ ਐਕਟੀਵਾ ਬੰਦ ਹੋ ਗਈਆਂ। ਤਕਰੀਬਨ ਇੱਕ ਤੋਂ ਡੇਢ ਘੰਟੇ ਦੇ ਮੀਂਹ ਕਾਰਨ ਵੀਵੀਆਈਪੀ ਸੈਕਟਰ ਦੀਆਂ ਸੜਕਾਂ ਨਦੀ ਦਾ ਰੂਪ ਧਾਰਨ ਕਰ ਗਈਆਂ। ਭਰਵੇ ਮੀਂਹ ਕਾਰਨ ਸੁਖਨਾ ਲੇਕ ਦੇ ਫਲੱਡ ਗੇਟ ਵੀ ਖੋਲਣੇ ਪਏ।
ਪੀਜੀਆਈ ਵਿੱਚ ਸਭ ਤੋਂ ਵੱਧ ਸਮੱਸਿਆਵਾਂ ਵੇਖੀਆਂ ਗਈਆਂ। ਪੀਜੀਆਈ ਅਤੇ ਨਹਿਰੂ ਹਸਪਤਾਲ ਦੀ ਕੰਟੀਨ ਦੇ ਅੰਦਰ ਪਾਣੀ ਦਾਖਲ ਹੋ ਗਿਆ। ਜਿਸ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹੋਰਨਾਂ ਇਲਾਕਿਆਂ ਵਿੱਚ ਵੀ ਲੋਕਾਂ ਨੂੰ ਪਾਣੀ ਭਰੀਆਂ ਸੜਕਾਂ ਤੋਂ ਲੰਘਣ ਵਿੱਚ ਮੁਸ਼ਕਲ ਆਈ। ਸੈਕਟਰ 27 ਚੌਕ ਪਾਣੀ ਨਾਲ ਭਰ ਗਿਆ ਜਿੱਥੇ ਡਿਊਟੀ 'ਤੇ ਮੌਜੂਦ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੇ ਟ੍ਰੈਫਿਕ ਜਾਮ ਨੂੰ ਕਲੀਅਰ ਕਰਵਾਇਆ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਪਾਰਕਿੰਗ ਵਿੱਚ ਖੜ੍ਹੇ ਵਾਹਨ ਵੀ ਪਾਣੀ ਵਿੱਚ ਡੁੱਬ ਗਏ। ਸੈਕਟਰ-16 ਦੇ ਰੋਜ਼ ਗਾਰਡਨ ਵਿੱਚ ਪਾਣੀ ਭਰਨ ਕਾਰਨ ਸਥਿਤੀ ਇੰਨੀ ਭਿਆਨਕ ਹੋ ਗਈ ਕਿ ਰੋਜ਼ ਗਾਰਡਨ ਦੇ ਆਲੇ-ਦੁਆਲੇ ਪਾਣੀ ਦਾ ਤੇਜ਼ ਵਹਾਅ ਹੋ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਨਾਲ ਲੱਗਦੇ ਪੰਜਾਬ ਕਲਾ ਭਵਨ ਦੀ ਪਾਰਕਿੰਗ ਵੀ ਪਾਣੀ ਵਿੱਚ ਡੁੱਬ ਗਈ।
ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਜਾਣ ਵਾਲੀ ਸੜਕ 'ਤੇ ਪਾਣੀ ਭਰਨ ਕਾਰਨ ਵਾਹਨ ਡੁੱਬ ਗਏ। ਇਸ ਤੋਂ ਇਲਾਵਾ ਹਾਈ ਕੋਰਟ ਦੀ ਪਾਰਕਿੰਗ ਵਿੱਚ ਖੜ੍ਹੀਆਂ ਕਈ ਕਾਰਾਂ ਵੀ ਪਾਣੀ ਵਿੱਚ ਤੈਰਦੀਆਂ ਦਿਖਾਈ ਦਿੱਤੀਆਂ। ਇਸ ਦੇ ਨਾਲ ਹੀ ਭਾਰੀ ਬਾਰਿਸ਼ ਤੋਂ ਬਾਅਦ ਪੰਜਾਬ-ਹਰਿਆਣਾ ਸਕੱਤਰੇਤ ਪਾਣੀ ਨਾਲ ਭਰ ਗਿਆ। ਇਸ ਤੋਂ ਇਲਾਵਾ ਸੈਕਟਰ-15/11 ਦਾ ਅੰਡਰਬ੍ਰਿਜ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਿਆ। ਸੈਕਟਰ-17/18 ਦੀ ਸੜਕ ਇਸ ਹੱਦ ਤੱਕ ਪਾਣੀ ਨਾਲ ਭਰ ਗਈ ਕਿ ਉੱਥੇ ਟ੍ਰੈਫਿਕ ਜਾਮ ਹੋ ਗਿਆ।
ਇਸ ਤੋਂ ਇਲਾਵਾ ਪੰਜਾਬ ਪੁਲਿਸ ਹੈਡਕੁਆਟਰ, ਚੰਡੀਗੜ੍ਹ ਪੁਲਿਸ ਹੈਡਕੁਆਟਰ, ਚੰਡੀਗੜ੍ਹ ਸਕੱਤਰੇਤ ਅਤੇ ਮਟਕਾ ਚੌਂਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਪੰਜਾਬ ਸਿਵਿਲ ਸਕੱਤਰੇਤ ਤੇ ਪੰਜਾਬ ਵਿਧਾਨ ਸਭਾ ਵਾਲੇ ਪਾਸੇ ਤੋਂ ਮਟਕਾ ਚੌਂਕ ਵਾਲੀ ਸੜਕ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੀ ਦਿਖਾਈ ਦਿੱਤੀ।
(For more news apart from Bhakra Beas Management Board headquarters flooded 15 minutes heavy rain in Chandigarh News in Punjabi, stay tuned to Rozana Spokesman)