
ਇਸ ਵੇਲੇ ਸ਼ਹਿਰ ਵਿਚ 57 ਦੇ ਕਰੀਬ ਟੈਕਸੀ ਸਟੈਂਡ ਚੱਲ ਰਹੇ ਹਨ
ਚੰਡੀਗੜ੍ਹ - ਚੰਡੀਗੜ੍ਹ ਨਗਰ ਨਿਗਮ ਨੇ ਡਿਫਾਲਟਰ ਟੈਕਸੀ ਸਟੈਂਡ ਮਾਲਕਾਂ ਖਿਲਾਫ਼ ਕਾਰਵਾਈ ਕਰਨ ਲਈ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ। ਨਿਗਮ ਨੇ ਇਨ੍ਹਾਂ ਟੈਕਸੀ ਸਟੈਂਡਾਂ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਚੋਣ ਕਮਿਸ਼ਨ ਤੋਂ ਇਜਾਜ਼ਤ ਮੰਗੀ ਹੈ। ਇਨ੍ਹਾਂ ਟੈਕਸੀ ਸਟੈਂਡਾਂ 'ਤੇ 3.08 ਕਰੋੜ ਰੁਪਏ ਬਕਾਇਆ ਹੈ। ਜੋ ਉਨ੍ਹਾਂ ਨੇ 31 ਮਾਰਚ ਤੱਕ ਦੇਣਾ ਸੀ ਪਰ ਉਨ੍ਹਾਂ ਨੇ ਅਜੇ ਤੱਕ ਜਮ੍ਹਾ ਨਹੀਂ ਕਰਵਾਇਆ।
ਇਸ ਵੇਲੇ ਸ਼ਹਿਰ ਵਿਚ 57 ਦੇ ਕਰੀਬ ਟੈਕਸੀ ਸਟੈਂਡ ਚੱਲ ਰਹੇ ਹਨ। ਇਨ੍ਹਾਂ ਵਿਚੋਂ 30 ਟੈਕਸੀ ਸਟੈਂਡ ਮਾਲਕਾਂ ਨੇ ਕਰੀਬ 3.58 ਕਰੋੜ ਰੁਪਏ ਜਮ੍ਹਾਂ ਕਰਵਾਏ ਹਨ। ਇਨ੍ਹਾਂ ਵਿੱਚੋਂ 19 ਟੈਕਸੀ ਸਟੈਂਡ ਮਾਲਕਾਂ ਨੇ ਅਪ੍ਰੈਲ ਮਹੀਨੇ ਦਾ ਕਿਰਾਇਆ ਵੀ ਜਮ੍ਹਾਂ ਕਰਵਾ ਦਿੱਤਾ ਹੈ। ਨਗਰ ਨਿਗਮ ਵੱਲੋਂ ਡਿਫਾਲਟਰਾਂ ਨੂੰ ਨੋਟਿਸ ਦਿੱਤਾ ਗਿਆ ਸੀ ਪਰ ਇਸ ਤੋਂ ਬਾਅਦ ਵੀ ਇਹ ਲੋਕ ਆਪਣਾ ਬਕਾਇਆ ਕਿਰਾਇਆ ਜਮ੍ਹਾ ਨਹੀਂ ਕਰਵਾ ਰਹੇ। ਚੋਣ ਕਮਿਸ਼ਨ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਨਿਗਮ ਇਨ੍ਹਾਂ ਵਿਰੁੱਧ ਕਾਰਵਾਈ ਸ਼ੁਰੂ ਕਰੇਗਾ।
ਨਗਰ ਨਿਗਮ ਨੇ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਵੀ ਅਜਿਹੀ ਕਾਰਵਾਈ ਸ਼ੁਰੂ ਕੀਤੀ ਸੀ। ਇਸ ਵਿੱਚ ਕੁਝ ਟੈਕਸੀ ਸਟੈਂਡਾਂ ਨੂੰ ਨਿਗਮ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਪਰ ਟੈਕਸੀ ਸਟੈਂਡ ਮਾਲਕਾਂ ਨੇ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਵਿਚ ਇਸ ਪਟੀਸ਼ਨ ਦੇ 24 ਘੰਟੇ ਬਾਅਦ ਹੀ ਉਨ੍ਹਾਂ ਨੂੰ ਵਾਪਸ ਕਰਨਾ ਪੈਣਾ ਸੀ।
ਇਸ ਵਿਚ ਉਨ੍ਹਾਂ ਵੱਲੋਂ ਇਹ ਦਲੀਲ ਦਿੱਤੀ ਗਈ ਸੀ ਕਿ ਬਕਾਇਆ ਕਿਰਾਇਆ ਵਸੂਲਣ ਦੀ ਬਜਾਏ ਕਿਸ਼ਤਾਂ ਵਿੱਚ ਲਿਆ ਜਾਵੇ। ਅਦਾਲਤ ਦੇ ਹੁਕਮਾਂ ਤੋਂ ਬਾਅਦ ਨਗਰ ਨਿਗਮ ਵਿੱਚ ਇਸ ਸਬੰਧੀ ਪ੍ਰਸਤਾਵ ਵੀ ਲਿਆਂਦਾ ਗਿਆ ਸੀ, ਜਿਸ ਨੂੰ ਕਿਸ਼ਤਾਂ ਵਿੱਚ ਬਕਾਇਆ ਕਿਰਾਇਆ ਵਸੂਲਣ ਲਈ ਸਦਨ ਵਿਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਸੀ।