18 ਮਾਰਚ ਨੂੰ ਚੰਡੀਗੜ੍ਹ ’ਚ ਚਰਨਪ੍ਰੀਤ ਸਿੰਘ ਦਾ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ ਕਤਲ
ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 9 ਵਿੱਚ ਬੌਡੀ ਜ਼ੋਨ ਜਿਮ ਦੇ ਬਾਹਰ ਮਾਰੇ ਗਏ ਪ੍ਰਾਪਰਟੀ ਡੀਲਰ ਚਰਨਪ੍ਰੀਤ ਸਿੰਘ ਉਰਫ਼ ਚਿੰਨੀ ਦਾ ਅੱਜ ਸ਼ਨੀਵਾਰ ਨੂੰ ਸਸਕਾਰ ਨੂੰ ਕੀਤਾ ਗਿਆ। ਉਸ ਦੇ ਵੱਡੇ ਭਰਾ ਨੇ ਉਸ ਦੇ ਜੱਦੀ ਪਿੰਡ ਕੁੱਬੇੜੀ (ਮੋਹਾਲੀ) ਵਿੱਚ ਚਿਤਾ ਨੂੰ ਅਗਨੀ ਦਿੱਤੀ। ਉਸ ਦੀ ਲਾਸ਼ ਸਵੇਰੇ ਪੀ.ਜੀ.ਆਈ. ਤੋਂ ਪਿੰਡ ਲਿਆਂਦੀ ਗਈ, ਜਿਸ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਗਿਆ।
ਅੰਤਿਮ ਸੰਸਕਾਰ ਤੋਂ ਬਾਅਦ ਚਰਨਪ੍ਰੀਤ ਦੀ ਮਾਂ ਬੇਹੋਸ਼ ਦਿਖਾਈ ਦਿੱਤੀ। ਰੋਂਦਿਆਂ ਉਸਨੇ ਕਿਹਾ ਕਿ ਜਦੋਂ ਇੱਕ ਛੋਟਾ ਪੁੱਤਰ ਮਰ ਜਾਂਦਾ ਹੈ ਤਾਂ ਮਾਂ ਪਹਿਲਾਂ ਮਰ ਜਾਂਦੀ ਹੈ। ਮੈਂ ਉਸ ਦੇ ਲਈ ਨਵੇਂ ਕੱਪੜੇ ਟੀ-ਸ਼ਰਟਾਂ ਅਤੇ ਸੂਟ ਰੱਖੇ ਸਨ। ਅੱਜ ਮੇਰੇ ਪੁੱਤਰ ਨੂੰ ਪੱਗ ਬੰਨ੍ਹਣੀ ਚਾਹੀਦੀ ਸੀ ਅਤੇ ਘੋੜੀ ਦੀ ਸਵਾਰੀ ਕਰਨੀ ਸੀ, ਪਰ ਉਹ ਮਿੱਟੀ ਵਿੱਚ ਮਿਲ ਗਿਆ। ਮਾਂ ਨੇ ਕਿਹਾ ਕਿ ਮੈਂ ਪਹਿਲਾਂ ਪੁਲਿਸ ਤੋਂ ਬਹੁਤ ਡਰਦੀ ਸੀ । ਪਰ ਮੇਰਾ ਪੁੱਤਰ ਹਮੇਸ਼ਾ ਕਹਿੰਦਾ ਸੀ ਕਿ ਡਰ ਨਾ ਮੰਮੀ, ਮੈਂ ਇੱਥੇ ਹਾਂ । ਪਰ ਅੱਜ ਸਭ ਕੁਝ ਖਤਮ ਹੋ ਗਿਆ ਹੈ। ਉਸ ਨੇ ਬਹੁਤ ਪਿਆਰ ਅਤੇ ਸਤਿਕਾਰ ਕਮਾਇਆ ਸੀ। ਜ਼ਿਕਰਯੋਗ ਹੈ ਕਿ ਚਰਨਪ੍ਰੀਤ ਸਿੰਘ ਉਰਫ਼ ਚਿੰਨੀ ਦੀ 18 ਮਾਰਚ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ 19 ਮਾਰਚ ਨੂੰ ਦੋਵੇਂ ਦੋਸ਼ੀ ਸ਼ੂਟਰਾਂ ਨੂੰ ਹਰਿਆਣਾ ਦੇ ਕੈਥਲ ਵਿੱਚ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ।
